ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ’ਤੇ ਕਾਇਮ: ਕੈਨੇਡਾ

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਹੈ ਕਿ ਓਟਵਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ’ਤੇ ਕਾਇਮ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਲੀ ਨੇ ਕਿਹਾ ਕਿ ਨਿੱਝਰ ਦੀ ਹੱਤਿਆ ਦੀ ਜਾਂਚ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਕੋਈ ਕਸਰ ਨਹੀਂ ਛੱਡੇਗਾ। ਅਸੀਂ ਉਨ੍ਹਾਂ ਦੋਸ਼ਾਂ ’ਤੇ ਕਾਇਮ ਹਾਂ ਕਿ ਕੈਨੇਡੀਅਨ ਜ਼ਮੀਨ ’ਤੇ ਭਾਰਤੀ ਏਜੰਟਾਂ ਵੱਲੋਂ ਕੈਨੇਡੀਅਨ ਦੀ ਹੱਤਿਆ ਕੀਤੀ ਗਈ ਸੀ। ਇਸ ਦੀ ਆਰਸੀਐੱਮਪੀ ਜਾਂਚ ਕਰ ਰਹੀ ਹੈ। ਮੈਂ ਅੱਗੇ ਕੋਈ ਟਿੱਪਣੀ ਨਹੀਂ ਕਰਾਂਗੀ।’’ ਉਧਰ ਭਾਰਤ ਇਸ ਮਾਮਲੇ ’ਚ ਕੈਨੇਡਾ ਤੋਂ ਸਬੂਤ ਮੰਗ ਰਿਹਾ ਹੈ ਪਰ ਹਾਲੇ ਤੱਕ ਉਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ। ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਵਰਚੁਅਲੀ ਕੈਨੇਡੀਅਨ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਐਡਮਿੰਟਨ ਰਹਿੰਦੇ ਭਾਰਤੀ ਨਾਗਰਿਕਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਤੇ ਕਰਨਪ੍ਰੀਤ ਸਿੰਘ (28) ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਉੱਤੇ ਪਹਿਲਾ ਦਰਜਾ ਕਤਲ ਤੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਆਇਦ ਹਨ। ਤਿੰਨਾਂ ਨੂੰ ਖਚਾਖਚ ਭਰੇ ਸਰੀ ਦੇ ਸੂਬਾਈ ਕੋਰਟ ਰੂਮ ਵਿਚ ਮੰਗਲਵਾਰ ਨੂੰ ਵੱਖੋ ਵੱਖਰੇ ਰੂਪ ਵਿਚ ਵਰਚੁਅਲੀ ਪੇਸ਼ ਕੀਤਾ ਗਿਆ।

Spread the love