ਰੱਦ ਹੋ ਚੁੱਕੀ ਚੋਣ ਬਾਂਡ ਯੋਜਨਾ ਦੇ ਸਬੰਧ ਵਿੱਚ ਮਿਲੀ ਸ਼ਿਕਾਇਤ ਤੋਂ ਬਾਅਦ ਇੱਥੋਂ ਦੀ ਅਦਾਲਤ ਦੇ ਨਿਰਦੇਸ਼ਾਂ ’ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਹੋਰਨਾਂ ਖ਼ਿਲਾਫ਼ ਅੱਜ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ ਵਿਸ਼ੇਸ਼ ਅਦਾਲਤ ਦੇ ਹੁਕਮਾਂ ’ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਅਤੇ ਭਾਜਪਾ ਦੇ ਸੂਬਾ ਤੇ ਕੌਮੀ ਪੱਧਰ ਦੇ ਅਹੁਦੇਦਾਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384 (ਜਬਰੀ ਵਸੂਲੀ ਲਈ ਸਜ਼ਾ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਦੇ ਨਾਲ 34 (ਕਈ ਵਿਅਕਤੀਆਂ ਵੱਲੋਂ ਸਾਂਝੇ ਇਰਾਦੇ ਨਾਲ ਕੀਤਾ ਗਿਆ ਸਾਂਝਾ ਅਪਰਾਧ) ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।ਇਹ ਸ਼ਿਕਾਇਤ ‘ਜਨਾਧਿਕਾਰਾ ਸੰਘਰਸ਼ ਪਰਿਸ਼ਥ (ਜੇਐੱਸਪੀ) ਦੇ ਸਹਿ-ਪ੍ਰਧਾਨ ਵੱਲੋਂ ਦਰਜ ਕਰਵਾਈ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਚੋਣ ਬਾਂਡ ਦੇ ਓਹਲੇ ਵਿੱਚ ਜਬਰੀ ਵਸੂਲੀ ਕੀਤੀ ਅਤੇ 8000 ਕਰੋੜ ਰੁਪਏ ਤੋਂ ਵੱਧ ਦਾ ਲਾਭ ਕਮਾਇਆ।’ ਸ਼ਿਕਾਇਤ ਵਿੱਚ ਅੱਗੇ ਦੋਸ਼ ਲਗਾਇਆ ਗਿਆ ਹੈ ਕਿ ਸੀਤਾਰਮਨ ਨੇ ਗੁਪਤ ਤਰੀਕੇ ਨਾਲ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਸੂਬਾ ਤੇ ਕੌਮੀ ਪੱਧਰ ’ਤੇ ਹੋਰਾਂ ਨੂੰ ਫਾਇਦਾ ਪਹੁੰਚਾਉਣ ਲਈ ਹਜ਼ਾਰਾਂ ਕਰੋੜ ਰੁਪਏ ਦੀ ਜਬਰੀ ਵਸੂਲੀ ਕੀਤੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਚੋਣ ਬਾਂਡ ਦੇ ਓਹਲੇ ਹੇਠ ਜਬਰੀ ਵਸੂਲੀ ਦੀ ਇਹ ਸਮੁੱਚੀ ਸਾਜ਼ਿਸ਼ ਭਾਜਪਾ ਦੇ ਵੱਖ-ਵੱਖ ਪੱਧਰ ਦੇ ਅਹੁਦੇਦਾਰਾਂ ਵੱਲੋਂ ਰਚੀ ਗਈ ਸੀ।
