ਬਿਹਾਰ ਵਿਚ NEET ਪੇਪਰ ਲੀਕ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਅੱਜ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਇਸ ਮਾਮਲੇ ਵਿਚ ਸੀਬੀਆਈ ਨੇ ਲਰਨ ਐਂਡ ਪਲੇ ਹੋਸਟਲ ਵਿਚ ਕਮਰਾ ਬੁੱਕ ਕਰਵਾਉਣ ਦੇ ਦੋਸ਼ੀ ਮਨੀਸ਼ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। NEET ਪੇਪਰ ਲੀਕ ਮਾਮਲੇ ਦੀ ਜਾਂਚ ਕਰ ਰਹੀਆਂ ਸੀਬੀਆਈ ਟੀਮਾਂ ਬਿਹਾਰ ਅਤੇ ਗੁਜਰਾਤ ਵਿਚ ਜਾਂਚ ਵਿਚ ਜੁਟੀਆਂ ਹੋਈਆਂ ਹਨ। ਬਿਹਾਰ ‘ਚ ਸੀਬੀਆਈ ਦੀ ਟੀਮ ਨੇ ਵੀਰਵਾਰ ਨੂੰ ਮਨੀਸ਼ ਪ੍ਰਕਾਸ਼ ਅਤੇ ਆਸ਼ੂਤੋਸ਼ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੇ ਨੀਟ ਪੇਪਰ ਲੀਕ ਮਾਮਲੇ ‘ਚ ‘ਸੇਫ ਹਾਊਸ’ ‘ਚ ਕਮਰਾ ਬੁੱਕ ਕਰਵਾਇਆ ਸੀ। ਸੀਬੀਆਈ ਨੇ ਮੁਲਜ਼ਮ ਮਨੀਸ਼ ਪ੍ਰਕਾਸ਼ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਫਿਰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਪੇਪਰ ਲੀਕ ਦੇ ਦੋ ਮੁਲਜ਼ਮ ਚਿੰਟੂ ਅਤੇ ਮੁਕੇਸ਼ ਰਿਮਾਂਡ ‘ਤੇ ਹਨ। ਸੀਬੀਆਈ ਦੀਆਂ ਦੋ ਟੀਮਾਂ ਨਾਲੰਦਾ ਅਤੇ ਸਮਸਤੀਪੁਰ ਵਿਚ ਹਨ। ਇਕ ਟੀਮ ਹਜ਼ਾਰੀਬਾਗ ਪਹੁੰਚ ਗਈ ਹੈ। ਸੀਬੀਆਈ ਓਏਸਿਸ ਸਕੂਲ ਦੇ ਪ੍ਰਿੰਸੀਪਲ ਸਮੇਤ ਕੁੱਲ 8 ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਮਨੀਸ਼ ਦੇ ਨਾਲ-ਨਾਲ ਸੀਬੀਆਈ ਨੇ ਉਸ ਦੇ ਦੋਸਤ ਆਸ਼ੂਤੋਸ਼ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। NEET ਪੇਪਰ ਲੀਕ ਮਾਮਲੇ ‘ਚ ਆਸ਼ੂਤੋਸ਼ ਦੀ ਇਹ ਦੂਜੀ ਗ੍ਰਿਫ਼ਤਾਰੀ ਹੈ। ਕੁਝ ਦਿਨ ਪਹਿਲਾਂ ਆਸ਼ੂਤੋਸ਼ ਨੇ ਪੇਪਰ ਲੀਕ ਹੋਣ ਦੀ ਗੱਲ ਕਬੂਲੀ ਸੀ। ਮਨੀਸ਼ ਪ੍ਰਕਾਸ਼ ਉਹੀ ਵਿਅਕਤੀ ਹੈ, ਜਿਸ ਨੇ ਆਪਣੇ ਦੋਸਤ ਆਸ਼ੂਤੋਸ਼ ਦੀ ਮਦਦ ਨਾਲ ਉਮੀਦਵਾਰਾਂ ਲਈ ਲਰਨ ਐਂਡ ਪਲੇਅ ਸਕੂਲ ਬੁੱਕ ਕਰਵਾਇਆ ਸੀ।
