ਪੰਜਾਬ ਦੇ ਡੀਜੀਪੀ ਗੌਰਵ ਯਾਦਵ ਐਤਵਾਰ ਸਵੇਰੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੇ।ਖਨੌਰੀ ਬਾਰਡਰ ਉੱਤੇ ਮੌਜੂਦ ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਮੁਤਾਬਕ ਡੀਜੀਪੀ ਨਾਲ ਇੱਕ ਕੇਂਦਰ ਸਰਕਾਰ ਨਾਲ ਸਬੰਧਤ ਨੁੰਮਾਇਦਾ ਵੀ ਪਹੁੰਚਿਆ।ਕਿਸਾਨ ਮੋਰਚੇ ਦੇ ਇੱਕ ਆਗੂ ਨੇ ਦੱਸਿਆ ਕਿ ਡੀਜੀਪੀ ਨੂੰ ਡੱਲੇਵਾਲ ਨਾਲ ਮਿਲਾਉਣ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਏਡੀਜੀਪੀ ਜਸਕਰਨ ਸਿੰਘ ਅਤੇ ਨਰਿੰਦਰ ਭਾਗਰਵ ਨੇ ਮੁਲਾਕਾਤ ਕੀਤੀ।ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦੇ ਪ੍ਰਧਾਨ ਹਨ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਰਡਰਾਂ ਉੱਤੇ ਚੱਲ ਰਹੇ ਅੰਦੋਲਨ ਦੀ ਅਗਵਾਈ ਕਰ ਰਹੇ ਹਨ।ਸਾਰੀਆਂ ਫ਼ਸਲਾਂ ਲਈ ਘੱਟੋ ਘਟ ਸਮਰਥਨ ਮੁੱਲ, ਕਰਜ਼ ਮਾਫੀ ਸਣੇ 12 ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਕਿਸਾਨ ਪਿਛਲੇ 10 ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਬਾਰਡਰਾਂ ਉੱਤੇ ਬੈਠੇ ਹਨ।ਉਹ ਦਿੱਲੀ ਜਾਣ ਲਈ ਫਰਬਰੀ ਮਹੀਨੇ ਵਿੱਚ ਘਰੋਂ ਚੱਲੇ ਸਨ, ਜਿਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਰੋਕਿਆ ਹੋਇਆ ਹੈ।ਜਗਜੀਤ ਸਿੰਘ ਡੱਲੇਵਾਲ ਨੇ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ। ਉਨ੍ਹਾਂ ਦਾ ਮਰਨ ਵਰਤ 20 ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਾ ਹੈ।ਡੱਲੇਵਾਲ ਦੀ ਜਾਂਚ ਕਰ ਰਹੀ ਡਾਕਟਰਾਂ ਦੀ ਟੀਮ ਮੁਤਾਬਕ ਉਹ ਕੈਂਸਰ ਦੇ ਮਰੀਜ਼ ਹਨ ਅਤੇ ਮਰਨ ਵਰਤ ਕਾਰਨ ਉਨ੍ਹਾਂ ਦੇ ਗੁਰਦਿਆਂ ਉੱਤੇ ਬਹੁਤ ਬੁਰਾ ਅਸਰ ਪਿਆ ਹੈ।ਇਸ ਲਈ ਡੀਜੀਪੀ ਅਤੇ ਕੇਂਦਰ ਸਰਕਾਰ ਦੇ ਨੁੰਮਾਇਦੇ ਦੀ ਡੱਲੇਵਾਲ ਨਾਲ ਮਿਲਣੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।