ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅੱਜ ਧੁਆਂਖੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਅੱਜ ਦੋਵਾਂ ਸੂਬਿਆਂ ਦੀ ਰਾਜਧਾਨੀ ਸਿਟੀ ਬਿਊਟੀਫੁੱਲ ਚੰਡੀਗੜ੍ਹ ’ਚ ਹਵਾ ਏਕਿਊਆਈ ਔਸਤਨ 427 ਨਾਲ ਦੇਸ਼ ਵਿੱਚ ਸਭ ਤੋਂ ਵੱਧ ਗੰਧਲੀ ਰਹੀ ਹੈ। ਚੰਡੀਗੜ੍ਹ ਦੀਆਂ ਸੜਕਾਂ ’ਤੇ ਸਾਰਾ ਦਿਨ ਧੁਆਂਖੀ ਧੁੰਦ ਪਸਰੀ ਰਹੀ ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਅੱਜ ਦੁਪਹਿਰ 12 ਵਜੇ ਦੇ ਕਰੀਬ ਚੰਡੀਗੜ੍ਹ ’ਚ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) ਔਸਤਨ 427 ਦਰਜ ਕੀਤਾ ਗਿਆ ਹੈ, ਜਦਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਏਕਿਊਆਈ ਔਸਤਨ 424 ਰਿਹਾ। ਹਾਲਾਂਕਿ ਸ਼ਾਮ ਸਮੇਂ ਚੰਡੀਗੜ੍ਹ ਦੀ ਹਵਾ ’ਚ ਮਾਮੂਲੀ ਸੁਧਾਰ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-22 ਵਿੱਚ ਦੁਪਹਿਰ ਸਮੇਂ ਏਕਿਊਆਈ 460 ਤੇ ਸੈਕਟਰ-25 ਵਿੱਚ 363 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰ-53 ਮੁਹਾਲੀ ’ਚ ਏਕਿਊਆਈ ਦਾ ਪੱਧਰ 453 ਦਰਜ ਕੀਤਾ ਗਿਆ ਹੈ।ਸੰਘਣੀ ਧੁੰਦ ਪੈਣ ਕਰਕੇ ਅੱਜ ਲੋਕਾਂ ਨੂੰ ਵਾਹਨ ਚਲਾਉਣੇ ਮੁਸ਼ਕਲ ਹੋ ਗਏ। ਪੰਜਾਬ ਦੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਸੜਕਾਂ ’ਤੇ ਦੂਰ ਤੱਕ ਦੇਖ ਸਕਣ ਦੀ ਸਮਰੱਥਾ ਘੱਟ ਗਈ ਸੀ। ਇਸ ਦੌਰਾਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਵਾਹਨ ਚਲਾਉਣ ਸਮੇਂ ਵੀ ਲੋਕਾਂ ਦੀਆਂ ਅੱਖਾਂ ਵਿੱਚ ਜਲਣ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਅੰਮ੍ਰਿਤਸਰ ਵਿੱਚ ਏਕਿਊਆਈ 325, ਲੁਧਿਆਣਾ ’ਚ 211, ਮੰਡੀ ਗੋਬਿੰਦਗੜ੍ਹ ਵਿੱਚ 210, ਬਠਿੰਡਾ ਵਿੱਚ 192, ਰੂਪਨਗਰ ਵਿੱਚ 304, ਜਲੰਧਰ ਵਿੱਚ 190 ਦਰਜ ਕੀਤਾ ਹੈ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਗੁਰੂਗ੍ਰਾਮ ’ਚ 323, ਪੰਚਕੂਲਾ ਵਿੱਚ 299, ਬਹਾਦੁਰਗੜ੍ਹ ਵਿੱਚ 293, ਹਿਸਾਰ ’ਚ 289, ਸੋਨੀਪਤ ਵਿੱਚ 269, ਕੈਥਲ ਵਿੱਚ 246, ਕੁਰੂਕਸ਼ੇਤਰ ਵਿੱਚ 223 ਤੇ ਯਮੁਨਾਨਗਰ ਵਿੱਚ ਏਕਿਊਆਈ 228 ਦਰਜ ਕੀਤਾ ਗਿਆ ਹੈ।