ਚੀਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾਲ ਹੀ ਵਿੱਚ ਇੱਕ ਕੈਨੇਡੀਅਨ ਜੰਗੀ ਬੇੜੇ ਦੇ ਤਾਈਵਾਨ ਸਟ੍ਰੇਟ ਵਿੱਚੋਂ ਲੰਘਣ ਤੋਂ ਬਾਅਦ ਚੀਨ ਨੇ ਫੌਜੀ ਅਤੇ ਕੂਟਨੀਤਕ ਚੈਨਲਾਂ ਰਾਹੀਂ ਕੈਨੇਡਾ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ।ਸਟ੍ਰੇਟ ਪਾਣੀ ਦੇ ਅਜਿਹੇ ਤੰਗ ਮਾਰਗ ਨੂੰ ਕਿਹਾ ਜਾਂਦਾ ਹੈ ਜਿਹੜੇ ਦੋ ਵੱਡੇ ਜਲ ਸਮੂਹਾਂ ਨੂੰ ਜੋੜਦਾ ਹੋਵੇ ਅਤੇ ਜਿਸ ਚੋਂ ਕਿਸ਼ਤੀਆਂ ਅਤੇ ਪਾਣੀ ਦੇ ਜਹਾਜ਼ ਇੱਕ ਜਲ ਹਿੱਸੇ ਤੋਂ ਦੂਜੇ ਹਿੱਸੇ ਵਿਚ ਜਾ ਸਕਦੇ ਹੋਣ।ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ HMCS ਮੌਂਟਰੀਅਲ ਖੇਤਰ ਵਿੱਚ ਇੱਕ ਰੁਟੀਨ ਆਵਾਜਾਈ ਦਾ ਸੰਚਾਲਨ ਕਰ ਰਿਹਾ ਸੀ।ਬਿਲ ਬਲੇਅਰ ਨੇ ਕੈਨੇਡਾ ਵੱਲੋਂ 2022 ਵਿਚ ਖੇਤਰ ਲਈ ਐਲਾਨੀ ਰਣਨੀਤੀ ਦਾ ਹਵਾਲਾ ਦਿੰਦਿਆਂ ਕਿਹਾ, “ਜਿਵੇਂ ਕਿ ਸਾਡੀ ਇੰਡੋ-ਪੈਸੀਫਿਕ ਰਣਨੀਤੀ ਵਿੱਚ ਦੱਸਿਆ ਗਿਆ ਹੈ, ਕੈਨੇਡਾ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਰਾਇਲ ਕੈਨੇਡੀਅਨ ਨੇਵੀ ਦੀ ਮੌਜੂਦਗੀ ਨੂੰ ਵਧਾ ਰਿਹਾ ਹੈ”।ਚੀਨ ਦੇ ਰੱਖਿਆ ਮੰਤਰਾਲੇ ਨੇ ਇੱਕ ਮੀਡੀਆ ਬਿਆਨ ਵਿੱਚ ਕਿਹਾ ਕਿ ਇਸ ਹਰਕਤ ਨੇ “ਖ਼ਲਲ ਅਤੇ ਮੁਸ਼ਕਲ ਪੈਦਾ” ਕੀਤੀ ਹੈ।
ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ, ਜ਼ੈਂਗ ਸ਼ੀਆਓਗੈਂਗ ਨੇ ਕਿਹਾ, “ਅਸੀਂ ਕੈਨੇਡਾ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਸ ਨੂੰ ਵਨ-ਚਾਈਨਾ (ਅਖੰਡ ਚੀਨ) ਸਿਧਾਂਤ ਦੀ ਪਾਲਣਾ ਕਰਨੀ ਚਾਹੀਦੀ ਹੈ, ਅਤੇ ਤਾਈਵਾਨ ਮੁੱਦੇ ‘ਤੇ ਆਪਣੀ ਕਹਿਣੀ ਅਤੇ ਕਰਨੀ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ”।