ਡੋਨਾਲਡ ਟਰੰਪ 20 ਜਨਵਰੀ ਨੂੰ ਸਹੁੰ ਚੁੱਕਣ ਜਾ ਰਹੇ ਹਨ ਪਰ ਇਸ ਤੋਂ ਪਹਿਲਾਂ ਹੀ ਉਹ ਆਪਣੇ ਕਾਰਜਕਾਲ ਨੂੰ ਲੈ ਕੇ ਨੀਤੀਆਂ ਅਤੇ ਘੋਸ਼ਣਾਵਾਂ ਕਰ ਚੁੱਕੇ ਹਨ। ਇਸ ਵਿੱਚ ਵੀਜ਼ਾ ਨੀਤੀ, ਇਮੀਗ੍ਰੇਸ਼ਨ ਮੁੱਦੇ, ਦੁਨੀਆ ਵਿੱਚ ਚੱਲ ਰਹੇ ਯੁੱਧਾਂ ਸਮੇਤ ਕਈ ਮੁੱਦੇ ਸ਼ਾਮਿਲ ਹਨ। ਟਰੰਪ ਹਮੇਸ਼ਾ ਅਮਰੀਕੀਆਂ ਲਈ ਰੋਜ਼ਗਾਰ ਵਧਾਉਣ ਅਤੇ ਐੱਚ-1ਬੀ ਵੀਜ਼ਾ ਦੇ ਦਾਇਰੇ ਨੂੰ ਸੀਮਤ ਕਰਨ ਦੇ ਸਮਰਥਕ ਰਹੇ ਹਨ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਟਰੰਪ ਦਾ ਅਹੁਦਾ ਸੰਭਾਲਦੇ ਹੀ ਉਹ ਐੱਚ-1ਬੀ ਵੀਜ਼ਾ ਨੀਤੀਆਂ ਨੂੰ ਸਖਤ ਕਰ ਦੇਣਗੇ, ਜਿਸ ਨਾਲ ਵੱਖ-ਵੱਖ ਦੇਸ਼ਾਂ ਦੇ ਲੋਕਾਂ ਲਈ ਅਮਰੀਕਾ ‘ਚ ਕੰਮ ਕਰਨਾ ਅਤੇ ਰਹਿਣਾ ਮੁਸ਼ਕਿਲ ਹੋ ਜਾਵੇਗਾ। ਇਸ ਨੂੰ ਦੇਖਦੇ ਹੋਏ ਕੰਪਨੀਆਂ ਨੇ ਲੋਕਾਂ ਦੇ ਨੌਕਰੀ ਦੇ ਆਫਰ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਵਿਦੇਸ਼ੀ ਹੁਨਰਮੰਦ ਕਾਮੇ ਇਸ ਵੀਜ਼ਾ ਪ੍ਰੋਗਰਾਮ ਰਾਹੀਂ ਅਮਰੀਕੀ ਕੰਪਨੀਆਂ ਵਿੱਚ ਕੰਮ ਕਰ ਸਕਦੇ ਹਨ, ਉੱਥੇ ਹੀ ਟਰੰਪ ਸਮਰਥਕਾਂ ਵਿੱਚ ਇਸ ਨੀਤੀ ਨੂੰ ਲੈ ਕੇ ਬਹਿਸ ਚੱਲ ਰਹੀ ਹੈ।ਅਮਰੀਕਾ ਵਿੱਚ ਨੌਕਰੀਆਂ ਦੀਆਂ ਪੇਸ਼ਕਸ਼ਾਂ ਰੱਦ ਹੋਣ ਅਤੇ ਪੜ੍ਹਾਈ ਨੂੰ ਲੈ ਕੇ ਭਾਰਤੀਆਂ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਹੈ। ਟਰੰਪ ਦੀ ਵੀਜ਼ਾ ਨੀਤੀ ਕਈ ਲੋਕਾਂ ਦੇ ਸੁਪਨੇ ਤੋੜ ਸਕਦੀ ਹੈ ਕਿਉਂਕਿ ਐੱਚ-1ਬੀ ਵੀਜ਼ਾ ਪ੍ਰੋਗਰਾਮ ਅਮਰੀਕਾ ‘ਚ ਵਿਦੇਸ਼ੀਆਂ ਲਈ ਸਭ ਤੋਂ ਵੱਡਾ ਅਸਥਾਈ ਵਰਕ ਵੀਜ਼ਾ ਹੈ। ਇਹ ਰੁਜ਼ਗਾਰਦਾਤਾਵਾਂ ਨੂੰ ਯੋਗਤਾ ਦੇ ਆਧਾਰ ‘ਤੇ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ।
