ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਅਹਿਮ ਨਿਰਦੇਸ਼ ਦਿੰਦੇ ਹੋਏ ਅਗਲੇ ਹੁਕਮਾਂ ਤਕ ਦੇਸ਼ ਦੀਆਂ ਸਾਰੀਆਂ ਅਦਾਲਤਾਂ ਨੂੰ ਧਾਰਮਿਕ ਸਥਾਨਾਂ ਵਿਸ਼ੇਸ਼ ਤੌਰ ’ਤੇ ਮਸਜਿਦਾਂ ਅਤੇ ਦਰਗਾਹਾਂ ’ਤੇ ਦਾਅਵਿਆਂ ਨਾਲ ਸਬੰਧਤ ਨਵੇਂ ਮਾਮਲਿਆਂ ’ਤੇ ਵਿਚਾਰ ਕਰਨ ਅਤੇ ਲੰਬਿਤ ਮਾਮਲਿਆਂ ਵਿਚ ਕੋਈ ਪ੍ਰਭਾਵੀ ਅੰਤਰਿਮ ਜਾਂ ਅੰਤਮ ਆਦੇਸ਼ ਪਾਸ ਕਰਨ ਤੋਂ ਰੋਕ ਦਿਤਾ ਗਿਆ।ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ‘ਕਿਉਂਕਿ ਮਾਮਲਾ ਇਸ ਅਦਾਲਤ ਵਿਚ ਵਿਚਾਰ ਅਧੀਨ ਹੈ, ਇਸ ਲਈ ਅਸੀਂ ਇਹ ਉਚਿਤ ਸਮਝਦੇ ਹਾਂ ਕਿ ਇਸ ਅਦਾਲਤ ਦੇ ਅਗਲੇ ਹੁਕਮਾਂ ਤਕ ਕੋਈ ਨਵਾਂ ਕੇਸ ਦਾਇਰ ਨਾ ਕੀਤਾ ਜਾਵੇ।’ ਚੀਫ਼ ਜਸਟਿਸ ਸੰਜੀਵ ਖੰਨਾ, ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਵਲੋਂ ਇਸ ਨਿਰਦੇਸ਼ ਨਾਲ ਵੱਖ-ਵੱਖ ਹਿੰਦੂ ਧਿਰਾਂ ਵਲੋਂ ਦਾਇਰ ਕਰੀਬ 18 ਕੇਸਾਂ ਦੀ ਕਾਰਵਾਈ ’ਤੇ ਰੋਕ ਲੱਗ ਗਈ ਹੈ।