ਚੱਕਰਵਾਤੀ ਤੂਫਾਨ ‘ਦਾਨਾ’ ਓਡੀਸ਼ਾ ਤੱਟ ਵਲ ਵਧ ਰਿਹਾ ਹੈ, ਜਿਸ ਨਾਲ ਸੂਬੇ ਦੀ ਲਗਭਗ ਅੱਧੀ ਆਬਾਦੀ ਪ੍ਰਭਾਵਤ ਹੋਣ ਦਾ ਖਤਰਾ ਹੈ। ਸਰਕਾਰ 14 ਜ਼ਿਲ੍ਹਿਆਂ ਦੇ ਲਗਭਗ 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਇਕ ਵਿਸ਼ਾਲ ਯੋਜਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੀ ਹੈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਬੁਧਵਾਰ ਨੂੰ ਕਿਹਾ ਕਿ ਚੱਕਰਵਾਤ ਦੇ ਸ਼ੁਕਰਵਾਰ ਤੜਕੇ ਭਿਤਰਕਨਿਕਾ ਨੈਸ਼ਨਲ ਪਾਰਕ ਅਤੇ ਧਾਮਰਾ ਬੰਦਰਗਾਹ ਦੇ ਵਿਚਕਾਰ ਟਕਰਾਉਣ ਦੀ ਸੰਭਾਵਨਾ ਹੈ।ਆਈ.ਐਮ.ਡੀ. ਨੇ ਕਿਹਾ ਕਿ ਚੱਕਰਵਾਤ ਦੀ ਸ਼ੁਰੂਆਤ ਦੀ ਪ੍ਰਕਿਰਿਆ 24 ਅਕਤੂਬਰ ਦੀ ਰਾਤ ਤੋਂ ਸ਼ੁਰੂ ਹੋਵੇਗੀ ਅਤੇ 25 ਅਕਤੂਬਰ ਦੀ ਸਵੇਰ ਤਕ ਜਾਰੀ ਰਹੇਗੀ। ਆਈ.ਐਮ.ਡੀ. ਦੇ ਡਾਇਰੈਕਟਰ ਜਨਰਲ ਮੌਤੰਜੈ ਮਹਾਪਾਤਰਾ ਨੇ ਕਿਹਾ ਕਿ ਚੱਕਰਵਾਤ ਦੇ ਜ਼ਮੀਨ ਨਾਲ ਟਕਰਾਉਣ ਦੌਰਾਨ ਵੱਧ ਤੋਂ ਵੱਧ ਗਤੀ ਲਗਭਗ 120 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਸੰਭਾਵਨਾ ਹੈ। ਇਸ ਲਈ 24 ਅਕਤੂਬਰ ਦੀ ਰਾਤ ਤੋਂ 25 ਅਕਤੂਬਰ ਦੀ ਸਵੇਰ ਤਕ ਭਾਰੀ ਬਾਰਸ਼, ਹਵਾਵਾਂ ਅਤੇ ਤੂਫਾਨ ਅਪਣੇ ਸਿਖਰ ’ਤੇ ਹੋਣਗੇ।