ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਬਾਅਦ ਕੀਤੇ ਗਏ ਜ਼ਿਆਦਾਤਰ ਚੋਣ ਸਰਵੇਖਣਾਂ (ਐਗਜ਼ਿਟ ਪੋਲ) ਵਿੱਚ ‘ਆਪ’ ਦੀ ਸੱਤਾ ਖੁੱਸਣ ਅਤੇ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ। ਕੁੱਝ ਸਰਵੇਖਣਾਂ ਅਨੁਸਾਰ ਐਤਕੀਂ ਫਿਰ ਕਾਂਗਰਸ ਦਾ ਖਾਤਾ ਖੁੱਲ੍ਹਣਾ ਮੁਸ਼ਕਲ ਹੈ। ਹਾਲਾਂਕਿ ਦੋ ਸਰਵੇਖਣਾਂ ਅਨੁਸਾਰ ‘ਆਪ’ ਜਿੱਤ ਸਕਦੀ ਹੈ ਅਤੇ ਦੋ ਅਨੁਸਾਰ ਭਾਜਪਾ ਤੇ ‘ਆਪ’ ਵਿਚਾਲੇ ਟੱਕਰ ਦੇਖਣ ਨੂੰ ਮਿਲ ਸਕਦੀ ਹੈ।ਚੋਣ ਕਮਿਸ਼ਨ 8 ਫਰਵਰੀ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਅਧਿਕਾਰਤ ਨਤੀਜਿਆਂ ਦਾ ਐਲਾਨ ਕਰੇਗਾ। ਐਗਜ਼ਿਟ ਪੋਲ ਚੋਣ ਸਰਵੇਖਣ ਏਜੰਸੀਆਂ ਵੱਲੋਂ ਵੋਟਰਾਂ ਦੀਆਂ ਇੰਟਰਵਿਊਜ਼ ਦੇ ਆਧਾਰ ’ਤੇ ਲਾਇਆ ਗਿਆ ਅਨੁਮਾਨ ਹੁੰਦਾ ਹੈ। ਇਹ ਅਸਲ ਨਤੀਜਿਆਂ ਤੋਂ ਬਿਲਕੁਲ ਵੱਖਰੇ ਵੀ ਹੋ ਸਕਦੇ ਹਨ। 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਤੇ ਚੋਣ ਸਰਵੇਖਣ ਗਲਤ ਨਿਕਲੇ ਸਨ। ‘ਪੀਪਲਜ਼ ਪਲਸ’ ਅਨੁਸਾਰ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ 51-60 ਅਤੇ ‘ਆਪ’ ਨੂੰ 10-19 ਸੀਟਾਂ ਮਿਲ ਸਕਦੀਆਂ ਹਨ।
