ਟਰੰਪ ਦੀ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਵਜੋਂ ਵਾਪਸੀ

ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ(78) ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਟਰੰਪ ਨੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਤੇ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਰਾਇਆ। ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ। ਉਹ ਮੁਲਕ ਦੇ 47ਵੇਂ ਰਾਸ਼ਟਰਪਤੀ ਵਜੋਂ ਅਗਲੇ ਸਾਲ 20 ਜਨਵਰੀ ਨੂੰ ਅਹੁਦੇ ਦਾ ਹਲਫ਼ ਲੈਣਗੇ। ਟਰੰਪ ਦੀ ਜਿੱਤ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਸਿਆਸੀ ਵਾਪਸੀ ਮੰਨਿਆ ਜਾ ਰਿਹਾ ਹੈ। ਵ੍ਹਾਈਟ ਹਾਊਸ ਪਹੁੰਚਣ ਲਈ ਦੋਵਾਂ ਉਮੀਦਵਾਰਾਂ ਨੂੰ 270 ਇਲੈਕਟੋਰਲ ਵੋਟਾਂ ਦੀ ਲੋੜ ਸੀ ਤੇ ਟਰੰਪ ਨੇ ਪੰਜ ਸਵਿੰਗ ਸਟੇਟਾਂ ਵਿਚੋਂ ਇਕ ਵਿਸਕੌਨਸਿਨ ਦਾ ਚੋਣ ਮੈਦਾਨ ਫ਼ਤਹਿ ਕਰਕੇ ਜਾਦੂਈ ਅੰਕੜਾ ਹਾਸਲ ਕਰ ਲਿਆ। ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ (ਏਪੀ) ਮੁਤਾਬਕ ਭਾਰਤੀ ਸਮੇਂ ਅਨੁਸਾਰ ਸ਼ਾਮੀਂ 7 ਵਜੇ ਤੱਕ ਰਿਪਬਲਿਕਨ ਉਮੀਦਵਾਰ ਟਰੰਪ ਨੇ 277 ਤੇ ਭਾਰਤੀ ਮੂਲ ਦੀ ਡੈਮੋਕਰੈਟਿਕ ਉਮੀਦਵਾਰ ਹੈਰਿਸ ਨੂੰ 226 ਇਲੈਕਟੋਰਲ ਵੋਟ ਮਿਲੇ ਸਨ। ਕੁੱਲ 538 ਇਲੈਕਟੋਰਲ ਕਾਲਜ ਵੋਟਾਂ ਵਿਚੋਂ 35 ਲਈ ਗਿਣਤੀ ਦਾ ਅਮਲ ਜਾਰੀ ਸੀ।

Spread the love