ਅਮਰੀਕਾ ‘ਚ ਘਰੇਲੂ ਵਿਵਾਦ ਦੇ ਚੱਲਦਿਆਂ ਪੰਜਾਬੀ ਨੌਜਵਾਨ ਨੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ

ਅਮਰੀਕਾ ‘ਚ ਇਕ ਭਰਾ ਨੇ ਆਪਣੇ ਸਕੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਤੇ ਆਪਣੀ ਮਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਪੂਰਥਲਾ ਦੇ ਬੇਗੋਵਾਲ ਦੇ ਪਿੰਡ ਨਰੰਗਪੁਰ ਦੇ ਰਹਿਣ ਵਾਲੇ ਸਨ। ਸੂਚਨਾ ਮਿਲਣ ‘ਤੇ ਅਮਰੀਕਾ ਪੁਲਿਸ ਸ਼ਨੀਵਾਰ ਰਾਤ ਕਰੀਬ 10:30 ਵਜੇ ਵਾਰਾਦਤ ਵਾਲੇ ਘਰ ਪਹੁੰਚੀ ਤਾਂ 27 ਸਾਲਾ ਵਿਪਨਪਾਲ ਸਿੰਘ ਮੁਲਤਾਨੀ ਮਿਲਿਆ, ਜਿਸ ਦੇ ਸਰੀਰ ‘ਤੇ ਗੋਲ਼ੀਆਂ ਦੇ ਕਈ ਜ਼ਖ਼ਮ ਸਨ। ਡਾਕਟਰਾਂ ਨੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ। ਉੱਥੇ ਇਕ 52 ਸਾਲਾ ਔਰਤ ਨੂੰ ਧੜ ਵਿੱਚ ਗੋਲ਼ੀ ਲੱਗਣ ਕਾਰਨ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। 109ਵੇਂ ਐਵੇਨਿਊ ਅਤੇ 96ਵੀਂ ਸਟਰੀਟ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ ‘ਤੇ ਪੁਲਿਸ ਨੂੰ 33 ਸਾਲ ਦੇ ਕਰਮਜੀਤ ਮੁਲਤਾਨੀ ਦੇ ਸਿਰ ‘ਤੇ ਗੋਲ਼ੀ ਲੱਗੀ ਮਿਲੀ। ਜਾਂਚ ਅਧਿਕਾਰੀਆਂ ਨੂੰ ਉਸ ਦੇ ਸਰੀਰ ਦੇ ਕੋਲ ਇਕ ਹਥਿਆਰ ਵੀ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਘਰੇਲੂ ਵਿਵਾਦ ਦੇ ਚਲਦਿਆਂ ਆਪਣੇ ਭਰਾ ਵਿਪਨਪਾਲ ਸਿੰਘ ਮੁਲਤਾਨੀ ਨੂੰ ਅਤੇ ਮਾਤਾ ਨੂੰ ਗੋਲ਼ੀ ਮਾਰਨ ਤੋਂ ਬਾਅਦ ਕਰਮਜੀਤ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਇਸ ਵਾਰਦਾਤ ਦੇ ਸਪਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Spread the love