ਕੈਲੀਫੋਰਨੀਆ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਰਾਤ 11:30 ਵਜੇ ਕਲੋਵਿਸ ਅਤੇ ਸ਼ੀਲਡਜ਼ ਐਵੇਨਿਊਜ਼ ਦੇ ਇਲਾਕੇ ਵਿੱਚ ਵਾਪਰਿਆ। 28 ਸਾਲਾ ਜਗਤ ਸਿੰਘ, ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ, ਨੇ ਆਪਣੀ ਗੱਡੀ 18 ਸਾਲਾ ਮੈਡਕਸ ਗਰੀਨ ਦੀ ਕਾਰ ਨਾਲ ਟਕਰਾ ਦਿੱਤੀ। ਗਰੀਨ ਦੀ ਮੌਤ ਮੌਕੇ ’ਤੇ ਹੋ ਗਈ, ਜਦਕਿ ਉਸਦਾ 19 ਸਾਲਾ ਦੋਸਤ ਜੋਰਡਨ ਗਾਲਵੇਜ਼ ਹਸਪਤਾਲ ਵਿੱਚ ਦਮ ਤੋੜ ਗਿਆ।ਪੁਲਿਸ ਅਨੁਸਾਰ, ਸਿੰਘ ਅਤੇ ਉਸਦਾ ਸਾਥੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਗਏ, ਪਰ ਉਹਨਾਂ ਨੂੰ ਥੋੜੀ ਦੂਰ ਹੀ ਫੜ ਲਿਆ ਗਿਆ। ਸਿੰਘ ਨੇ ਪਿਛਲੇ ਸਾਲ ਵੀ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਦੋਸ਼ ’ਚ ਸਜ਼ਾ ਕੱਟੀ ਸੀ ਅਤੇ ਉਹ ਅਜੇ ਵੀ ਪਰੋਲ ’ਤੇ ਸੀ। ਇਸ ਵਾਰ ਉਹ ਆਪਣੇ ਦੋਸਤ ਦੀ ਰੇਂਜ ਰੋਵਰ ਗੱਡੀ ਨੂੰ ਬਿਨਾਂ ਇਜਾਜ਼ਤ ਲੈ ਕੇ ਚਲਾ ਰਿਹਾ ਸੀ। ਹੁਣ ਉਸ ’ਤੇ ਗੱਡੀ ਚੋਰੀ, ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਅਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਉਸ ਦੀ ਜਮਾਨਤ $1.3 ਮਿਲੀਅਨ ਤੋਂ ਵੱਧ ਰੱਖੀ ਗਈ ਹੈ।
