ਰਾਜਸਥਾਨ ਵਿਚ ਇੱਕ ਪ੍ਰਾਇਮਰੀ ਸਕੂਲ ਵਿੱਚ, ਤਾਇਨਾਤ ਅਧਿਆਪਕ ਜੋੜੇ ਨੇ ਖ਼ੁਦ ਸਕੂਲ ਜਾਣ ਬਜਾਏ ਤਨਖ਼ਾਹ ਤੇ ਰੱਖੇ ਹੋਏ ਸਨ ਤਿੰਨ ਡੱਮੀ, ਅਧਿਆਪਕਾਂ ਦੀ ਥਾਂ ‘ਤੇ ਡਿਊਟੀ ਕਰਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਵੀਹ ਸਾਲ ਬਾਅਦ ਪਤਾ ਲੱਗਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਵਿਸ਼ਣੂ ਮੁੱਖ ਅਧਿਆਪਕ ਤੇ ਮੰਜੂ ਅਧਿਆਪਕਾ ਸੀ। ਵਿਸ਼ਣੂ ਗਰਗ ਤੇ ਉਨ੍ਹਾਂ ਦੀ ਪਤਨੀ ਮੰਜੂ ਗਰਗ 20 ਸਾਲ ਤੋਂ ਸਰਕਾਰੀ ਮਿਡਲ ਸਕੂਲ ਰਾਜਪੁਰਾ ‘ਚ ਤਾਇਨਾਤ ਸਨ। ਹੁਣ ਸਿੱਖਿਆ ਵਿਭਾਗ ਨੇ ਮਾਮਲਾ ਦਰਜ ਕਰਵਾ ਕੇ ਜੋੜੇ ਨੂੰ ਨੌਂ ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਦਸੰਬਰ 2023 ‘ਚ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਅਚਾਨਕ ਸਕੂਲ ਦਾ ਦੌਰਾ ਕੀਤਾ ਤੇ ਦੇਖਿਆ ਕਿ ਉੱਥੇ ਅਸਲ ਅਧਿਆਪਕ ਜੋੜੇ ਦੀ ਥਾਂ ਤਿੰਨ ਡਮੀ ਅਧਿਆਪਕ ਦੋ ਔਰਤਾਂ ਤੇ ਇਕ ਪੁਰਸ਼ ਅਧਿਆਪਕ ਬੱਚਿਆਂ ਨੂੰ ਪੜ੍ਹਾ ਰਹੇ ਸਨ। ਅਧਿਆਪਕ ਜੋੜਾ ਉਨ੍ਹਾਂ ਨੂੰ ਪ੍ਰਤੀ ਮਹੀਨਾ ਪੰਜ- ਪੰਜ ਹਜ਼ਾਰ ਰੁਪਏ ਦਿੰਦੇ ਸਨ। ਉਹ ਪਿਛਲੇ ਦੋ ਦਹਾਕਿਆਂ ਤੋਂ ਖ਼ੁਦ ਕਦੀ ਸਕੂਲ ‘ਚ ਪੜ੍ਹਾਉਣ ਨਹੀਂ ਗਏ। ਜਦੋਂ ਮਾਮਲਾ ਸਿੱਖਿਆ ਮੰਤਰੀ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਨੇ ਜਾਂਚ ਕਰਵਾਈ, ਜਾਂਚ ਤੋਂ ਬਾਅਦ ਤਿੰਨਾਂ ਡਮੀ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੋੜੇ ਦਾ ਖ਼ੁਦ ਦਾ ਕਾਰੋਬਾਰ ਹੋਣ ਦੀ ਸ਼ਿਕਾਇਤ ਵੀ ਮਿਲੀ ਹੈ, ਜਿਸ ਦੀ ਜਾਂਚ ਕਰਵਾਈ ਜਾ ਰਹੀ ਹੈ। ਸਕੂਲ ‘ਚ 60 ਬੱਚੇ ਪੜ੍ਹਦੇ ਹਨ । ਜੋੜੇ ਤੋਂ ਇਲਾਵਾ ਹੋਰ ਕੋਈ ਅਧਿਆਪਕ ਸਕੂਲ ‘ਚ ਤਾਇਨਾਤ ਨਹੀਂ ਸਨ।ਜੋੜੇ ਨੂੰ 9 ਕਰੋੜ 31 ਲੱਖ 50 ਹਜ਼ਾਰ 373 ਰੁਪਏ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ। ਇਸ ਤਹਿਤ ਪਤੀ ਤੋਂ ਚਾਰ ਕਰੋੜ 92 ਲੱਖ 69 ਹਜ਼ਾਰ 146 ਰੁਪਏ ਤੇ ਪਤਨੀ ਤੋਂ ਚਾਰ ਕਰੋੜ 38 ਲੱਖ 81 ਹਜ਼ਾਰ 227 ਰੁਪਏ ਵਸੂਲੇ ਜਾਣਗੇ।ਅਧਿਆਪਕ ਜੋੜਾ ਫ਼ਰਾਰ ਹੋ ਗਿਆ ਹੈ ਤੇ ਉਹਨਾਂ ਦੀ ਭਾਲ ਜਾਰੀ ਹੈ।