ਨਿਊਯਾਰਕ, 5 ਅਪ੍ਰੈਲ (ਰਾਜ ਗੋਗਨਾ )- ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ (ਯੂ. ਐੱਸ. ਜੀ. ਐੱਸ.) ਮੁਤਾਬਕ ਅਮਰੀਕਾ ਦੇ ਕਈ ਸੂਬਿਆਂ ‘ਚ ਭੂਚਾਲ ਦੇ ਝਟਕੇ ਆਏ ਹਨ। ਨਿਊਯਾਰਕ ਸਿਟੀ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ 4.8 ਤੀਬਰਤਾ ਦਾ ਭੂਚਾਲ ਆਇਆ। ਪਤਾ ਲੱਗਾ ਹੈ ਕਿ ਗੁਆਂਢੀ ਸੂਬੇ ਨਿਊਜਰਸੀ ‘ਚ ਵੀ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਏਐਫਪੀ ਦੇ ਇੱਕ ਮੀਡੀਆ ਪ੍ਰਤੀਨਿਧੀ ਨੇ ਦੱਸਿਆ ਕਿ ਬਰੁਕਲਿਨ ਵਿੱਚ ਇਮਾਰਤਾਂ ਹਿੱਲ ਗਈਆਂ। ਭੂਚਾਲ ਦੇ ਸਮੇਂ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ‘ਚ ਗਾਜ਼ਾ ਦੀ ਸਥਿਤੀ ‘ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਹੋਈ। ਭੂਚਾਲ ਦੇ ਝਟਕਿਆਂ ਕਾਰਨ ਮੀਟਿੰਗ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀ ਗਈ ਸੀ। ਫਿਲਾਡੇਲਫੀਆ ਤੋਂ ਨਿਊਯਾਰਕ ਤੱਕ ਅਤੇ ਪੂਰਬ ਵੱਲ ਲੌਂਗ ਆਈਲੈਂਡ ਤੱਕ, ਨੇਟੀਜ਼ਨ ਭੂਚਾਲ ਬਾਰੇ ਟਵੀਟ ਅਤੇ ਪੋਸਟ ਕਰ ਰਹੇ ਹਨ।
