ਬਿਜਲੀ ਸਬਸਿਡੀ: ਪੰਜਾਬ ਸਰਕਾਰ ’ਤੇ 1125 ਕਰੋੜ ਦਾ ਵਾਧੂ ਬੋਝ

ਚਰਨਜੀਤ ਭੁੱਲਰ

ਚੰਡੀਗੜ੍ਹ, 12 ਅਗਸਤ 2024

ਪੰਜਾਬ ’ਚ ਜਿੰਨੀ ਤੇਜ਼ੀ ਨਾਲ ਖੇਤੀ ਸੈਕਟਰ ’ਚ ਬਿਜਲੀ ਦੀ ਖ਼ਪਤ ਵਧੀ ਹੈ, ਉਸੇ ਰਫ਼ਤਾਰ ਨਾਲ ਬਿਜਲੀ ਸਬਸਿਡੀ ਦਾ ਬਿੱਲ ਵੀ ਵਧਿਆ ਹੈ। ਇਸ ਬਿਜਲੀ ਸਬਸਿਡੀ ਦਾ ਵਾਧੂ ਭਾਰ ਵਿੱਤੀ ਤੰਗੀ ਝੱਲ ਰਹੇ ਖ਼ਜ਼ਾਨੇ ਦਾ ਹੋਰ ਤ੍ਰਾਹ ਕੱਢੇਗਾ।

ਪੰਜਾਬ ਵਿੱਚ ਇਸ ਵਾਰ ਝੋਨੇ ਹੇਠ ਰਕਬਾ 32 ਲੱਖ ਹੈਕਟੇਅਰ ਨੂੰ ਪਾਰ ਕਰ ਗਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਇਹੋ ਰਕਬਾ 31.93 ਲੱਖ ਹੈਕਟੇਅਰ ਸੀ। ਮੀਂਹ ਘੱਟ ਪੈਣ ਕਾਰਨ ਇਸ ਵਾਰ ਖੇਤੀ ਮੋਟਰਾਂ ਨੂੰ ਸਾਹ ਨਹੀਂ ਆਇਆ ਹੈ। ਪਹਿਲੀ ਵਾਰ ਹੈ ਕਿ ਖੇਤੀ ਸੈਕਟਰ ਵਿੱਚ ਅਪਰੈਲ ਤੋਂ ਜੁਲਾਈ ਤੱਕ ਬਿਜਲੀ ਦੀ ਖ਼ਪਤ ਵਿੱਚ 37 ਫ਼ੀਸਦੀ ਦਾ ਵਾਧਾ ਹੋਇਆ ਹੈ।

ਅਪਰੈਲ 2024 ਦੇ ਮਹੀਨੇ ’ਚ ਸਿਰਫ਼ ਪੰਜ ਫ਼ੀਸਦੀ ਬਿਜਲੀ ਦੀ ਖ਼ਪਤ ਵਧੀ ਅਤੇ ਮਈ ਮਹੀਨੇ ਵਿੱਚ 91 ਫ਼ੀਸਦੀ ਦਾ ਵਾਧਾ ਹੋਇਆ। ਜੂਨ ਮਹੀਨੇ ਦੌਰਾਨ ਬਿਜਲੀ ਦੀ ਖ਼ਪਤ ਵਿੱਚ 28 ਫ਼ੀਸਦੀ ਵਾਧਾ ਹੋਇਆ ਸੀ ਜਦੋਂ ਕਿ ਜੁਲਾਈ ਮਹੀਨੇ ਵਿੱਚ ਬਿਜਲੀ ਦੀ ਖ਼ਪਤ ਖੇਤੀ ਸੈਕਟਰ ਵਿੱਚ 34 ਫ਼ੀਸਦੀ ਵਧੀ ਹੈ।

ਇਨ੍ਹਾਂ ਚਾਰ ਮਹੀਨਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 168.1 ਕਰੋੜ ਯੂਨਿਟਾਂ ਦੀ ਵੱਧ ਖ਼ਪਤ ਹੋਈ ਹੈ। ਖੇਤੀ ਸੈਕਟਰ ਦੀ ਬਿਜਲੀ 6.70 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਇਸ ਲਿਹਾਜ਼ ਨਾਲ ਇਨ੍ਹਾਂ ਚਾਰੋਂ ਮਹੀਨਿਆਂ ਵਿੱਚ ਬਿਜਲੀ ਸਬਸਿਡੀ ਦਾ ਵਾਧੂ ਭਾਰ 1125 ਕਰੋੜ ਰੁਪਏ ਹੋ ਗਿਆ ਹੈ। ਪਾਵਰਕੌਮ ਵੱਲੋਂ ਸਾਲ 2024-25 ਦੀ ਬਿਜਲੀ ਸਬਸਿਡੀ ਕੁੱਲ 21,909 ਕਰੋੜ ਹੋਣ ਦਾ ਅਨੁਮਾਨ ਲਾਇਆ ਸੀ ਜਿਸ ’ਚ 10,175 ਕਰੋੜ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਸ਼ਾਮਲ ਹੈ। ਇਸੇ ਤਰ੍ਹਾਂ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ 7,384 ਕਰੋੜ ਹੋਣ ਦਾ ਅਨੁਮਾਨ ਹੈ। ਹੁਣ ਜਦੋਂ ਬਿਜਲੀ ਦੀ ਖ਼ਪਤ ਵਧ ਗਈ ਹੈ ਤਾਂ ਬਿਜਲੀ ਸਬਸਿਡੀ ਦਾ ਬਿੱਲ ਵੀ ਅਨੁਮਾਨ ਨਾਲੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਘਰੇਲੂ ਬਿਜਲੀ ਦੀ ਖ਼ਪਤ ਵੀ ਵਧੀ ਹੈ ਜਿਸ ਨਾਲ ਅਪਰੈਲ ਤੋਂ ਜੁਲਾਈ ਮਹੀਨੇ ਤੱਕ ਦਾ 366 ਕਰੋੜ ਰੁਪਏ ਬਿਜਲੀ ਸਬਸਿਡੀ ਦਾ ਵਾਧੂ ਬਿੱਲ ਬਣੇਗਾ।

ਘਰੇਲੂ ਬਿਜਲੀ ਦੀ ਸਬਸਿਡੀ ਸਾਲ 2023 ਵਿੱਚ ਅਪਰੈਲ ਤੋਂ ਜੁਲਾਈ ਤੱਕ ਦੀ 2318 ਕਰੋੜ ਰੁਪਏ ਬਣੀ ਸੀ ਜੋ ਕਿ ਐਤਕੀਂ ਇਨ੍ਹਾਂ ਚਾਰ ਮਹੀਨਿਆਂ ਵਿੱਚ 2684 ਕਰੋੜ ਹੋ ਗਈ ਹੈ। ਪਹਿਲਾਂ ਚਾਰ ਮਹੀਨਿਆਂ ਵਿੱਚ ਹੀ ਪੰਜਾਬ ਸਰਕਾਰ ਨੂੰ ਬਿਜਲੀ ਸਬਸਿਡੀ ਦਾ ਕਰੀਬ 1500 ਕਰੋੜ ਦਾ ਵਾਧੂ ਭਾਰ ਚੁੱਕਣਾ ਪਵੇਗਾ ਜਦੋਂ ਕਿ ਪੰਜਾਬ ਦੀ ਵਿੱਤੀ ਸਿਹਤ ਪਹਿਲਾਂ ਹੀ ਕਾਫੀ ਮੰਦੇ ਹਾਲ ਵਿੱਚ ਹੈ। ਪਾਵਰਕੌਮ ਨੂੰ ਬਿਜਲੀ ਦੀ ਮੰਗ ਦੀ ਪੂਰਤੀ ਲਈ ਇਸ ਵਾਰ ਕਾਫ਼ੀ ਤਰੱਦਦ ਕਰਨਾ ਪਿਆ ਹੈ।

 

Spread the love