ਦਿੱਲੀ ’ਚ ਇਜ਼ਰਾਇਲੀ ਸਫ਼ਾਰਤਖਾਨੇ ਨੇੇੜੇ ਧਮਾਕਾ

ਨਵੀਂ ਦਿੱਲੀ ਵਿਚ ਇਜ਼ਰਾਇਲੀ ਸਫ਼ਾਰਤਖਾਨੇ ਨੇੜੇ ਸ਼ਾਮ ਵੇਲੇ ਧਮਾਕਾ ਹੋਇਆ। ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਹਤਿਆਤ ਵਜੋਂ ਇਜ਼ਰਾਇਲੀ ਸਫਾਰਤਖਾਨੇ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਧਰ ਪੁਲੀਸ ਨੂੰ ਅਜੇ ਤੱਕ ਕੋਈ ਵਿਸਫੋਟਕ ਨਹੀਂ ਮਿਲਿਆ। ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਤੇ ਸਫ਼ਾਰਤਖਾਨੇ ਦਾ ਸਾਰਾ ਸਟਾਫ਼ ਸੁਰੱਖਿਅਤ ਹੈ। ਦਿੱਲੀ ਪੁਲੀਸ ਵਿਚਲੇ ਸੂਤਰਾਂ ਨੇ ਕਿਹਾ ਕਿ ਸਫ਼ਾਰਤਖਾਨੇ ਦੇ ਪਿੱਛੇ ਬਗੀਚੇ, ਜਿੱਥੇ ਧਮਾਕਾ ਹੋਇਆ, ’ਚੋਂ ਇਜ਼ਰਾਇਲੀ ਅੰਬੈਸਡਰ ਨੂੰ ਸੰਬੋਧਨ ਕਰਦਾ ਇਕ ਪੱਤਰ ਮਿਲਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਪੱਤਰ ਦੀ ਪ੍ਰਮਾਣਿਕਤਾ ਦੀ ਤਸਦੀਕ ਕੀਤੀ ਜਾ ਰਹੀ ਹੈ। ਸੰਪਰਕ ਕਰਨ ’ਤੇ ਇਜ਼ਰਾਇਲੀ ਸਫਾਰਤਖਾਨੇ ਦੇ ਤਰਜਮਾਨ ਗਾਇ ਨੀਰ ਨੇ ਕਿਹਾ, ‘‘ਸ਼ਾਮੀਂ 5:48 ਵਜੇ ਦੇ ਕਰੀਬ ਸਫ਼ਾਰਤਖਾਨੇ ਨੇੜੇ ਧਮਾਕਾ ਹੋਇਆ। ਦਿੱਲੀ ਪੁਲੀਸ ਤੇ ਸੁਰੱਖਿਆ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।’’ ਮਿਸ਼ਨ ਦੇ ਡਿਪਟੀ ਚੀਫ਼ ਓਹਾਦ ਨਕਾਸ਼ ਕੇਨਾਰ ਨੇ ਕਿਹਾ, ‘‘ਸਾਡੇ ਸਾਰੇ ਡਿਪਲੋਮੈਟ ਤੇ ਵਰਕਰ ਸੁਰੱਖਿਅਤ ਹਨ। ਸਾਡੀਆਂ ਸੁਰੱਖਿਆ ਟੀਮਾਂ ਵੱਲੋਂ ਸਥਾਨਕ ਦਿੱਲੀ ਸੁਰੱਖਿਆ ਨਾਲ ਮਿਲ ਕੇ ਪੂਰਾ ਸਹਿਯੋਗ ਦਿੱਤਾ ਜਾ ਰਿਹੈ ਤੇ ਉਨ੍ਹਾਂ ਵੱਲੋਂ ਅਗਲੇਰੀ ਜਾਂਚ ਕੀਤੀ ਜਾਵੇਗੀ।’’ਦਿੱਲੀ ਫਾਇਰ ਸੇਵਾਵਾਂ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸ਼ਾਮੀਂ ਪੌਣੇ ਪੰਜ ਦੇ ਕਰੀਬ ਕਾਲ ਆਈ ਸੀ ਤੇ ਇਹ ਦਿੱਲੀ ਪੁਲੀਸ ਪੀਸੀਆਰ ਵੱਲੋਂ ਤਬਦੀਲ ਕੀਤੀ ਗਈ ਸੀ। ਫਾਇਰ ਵਿਭਾਗ ਨੇ ਫੌਰੀ ਦੋ ਫਾਇਰ ਇੰਜਣ ਮੌਕੇ ’ਤੇ ਭੇਜ ਦਿੱਤੇ। ਸੂਤਰਾਂ ਨੇ ਕਿਹਾ ਕਿ ਫੋਨ ਕਰਨ ਵਾਲੇ ਨੇ ਪੁਲੀਸ ਨੂੰ ਦੱਸਿਆ ਕਿ ਸਫਾਰਤਖਾਨੇ ਦੇ ਪਿੱਛੇ ਧਮਾਕਾ ਹੋਇਆ ਹੈ। ਹਿੰਦੀ ਭਵਨ ਵਿੱਚ ਤਾਇਨਾਤ ਗਾਰਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਸਫਾਰਤਖਾਨੇ ਦੇ ਪਿੱਛੇ ਵੱਡਾ ਧਮਾਕੇ ਦੀ ਆਵਾਜ਼ ਸੁਣੀ ਤੇ ਪੁਲੀਸ ਨੂੰ ਸੂਚਿਤ ਕੀਤਾ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਇਲਾਕੇ ਨੂੰ ਘੇਰਾ ਪਾ ਕੇ ਸੁਰੱਖਿਆ ਅਮਲਾ ਤਾਇਨਾਤ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਲਾਕੇ ਦਾ ਚੱਪਾ ਚੱਪਾ ਖੰਗਾਲਿਆ ਜਾ ਰਿਹਾ ਹੈ। ਹਾਲ ਦੀ ਘੜੀ ਕੋਈ ਵੀ ਵਿਸਫੋਟਕ ਨਹੀਂ ਮਿਲਿਆ ਤੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਉਧਰ ਬੰਬ ਨਕਾਰਾ ਦਸਤਾ ਤੇ ਰਾਹਤ ਟੀਮਾਂ ਵੀ ਮੌਕੇ ’ਤੇ ਪੁੱਜ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਜੰਗ ਮਗਰੋਂ ਇਜ਼ਰਾਇਲੀ ਸਫਾਰਤਖਾਨੇ ਦੁਆਲੇ ਤਾਇਨਾਤ ਸੁਰੱਖਿਆ ਕਰਮੀ ਹਾਈ ਐਲਰਟ ’ਤੇ ਹਨ। ਜਨਵਰੀ 2021 ਵਿੱਚ ਵੀ ਇਜ਼ਰਾਇਲੀ ਸਫ਼ਾਰਤਖਾਨੇ ਨੇੜੇ ਘੱਟ ਸ਼ਿੱਦਤ ਵਾਲੇ ਧਮਾਕਾ ਹੋਇਆ ਸੀ, ਜਿਸ ਵਿਚ ਕਈ ਕਾਰਾਂ ਨੁਕਸਾਨੀਆਂ ਗਈਆਂ ਸਨ।

Spread the love