ਬੱਸ ਖੱਡ ਵਿੱਚ ਡਿੱਗਣ ਤੋਂ ਬਾਅਦ ਵੀ ਅਤਿ.ਵਾਦੀ ਚਲਾਉਂਦੇ ਰਹੇ ਗੋਲੀਆਂ

ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਲੰਘੀ 9 ਜੂਨ ਨੂੰ ਸ਼ਰਧਾਲੂਆਂ ਦੀ ਬੱਸ ’ਤੇ ਹੋਏ ਅਤਿਵਾਦੀ ਹਮਲੇ ’ਚ ਜ਼ਖ਼ਮੀ ਹੋਈ ਨੀਲਮ ਗੁਪਤਾ ਨੇ ਦੱਸਿਆ ਕਿ ਅਤਿਵਾਦੀਆਂ ਨੇ ਬੱਸ ’ਤੇ ਉਦੋਂ ਤੱਕ ਗੋਲੀਆਂ ਚਲਾਈਆਂ ਜਦੋਂ ਤੱਕ ਬੱਸ ਖੱਡ ਵਿੱਚ ਨਹੀਂ ਡਿੱਗ ਗਈ। ਇਸ ਹਮਲੇ ’ਚ 9 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 41 ਜ਼ਖ਼ਮੀ ਹੋਏ ਸਨ। ਇਹ ਬੱਸ ਸ਼ਿਵ ਖੋੜੀ ਮੰਦਰ ਤੋਂ ਕਟੜਾ ਦੇ ਮਾਤਾ ਵੈਸ਼ਨੋ ਦੇਵੀ ਮੰਦਰ ਵੱਲ ਜਾ ਰਹੀ ਸੀ। ਬੱਸ ਵਿੱਚ ਉੱਤਰ ਪ੍ਰਦੇਸ਼, ਰਾਜਸਥਾਨ ਤੇ ਦਿੱਲੀ ਨਾਲ ਸਬੰਧਤ ਵਿਅਕਤੀ ਸਵਾਰ ਸਨ।ਨੀਲਮ ਇਸ ਬੱਸ ਵਿੱਚ ਆਪਣੇ ਪਤੀ ਦੇਵੀ ਪ੍ਰਸਾਦ ਗੁਪਤਾ, ਪੁੱਤਰ ਪ੍ਰਿੰਸ, ਧੀ ਪਲਕ, ਭੈਣ ਬਿੱਟਨ, ਰਿਸ਼ਤੇਦਾਰਾਂ ਦਿਨੇਸ਼ ਗੁਪਤਾ ਤੇ ਦੋਸਤ ਦੀਪਕ ਕੁਮਾਰ ਰਾਏ ਨਾਲ ਸਫ਼ਰ ਕਰ ਰਹੀ ਸੀ ਅਤੇ ਇਹ ਸਾਰੇ ਜੰਮੂ ’ਚ ਇਲਾਜ ਮਗਰੋਂ ਲੰਘੀ ਰਾਤ ਉੱਤਰ ਪ੍ਰਦੇਸ਼ ਦੇ ਗੌਂਡਾ ਸਥਿਤ ਆਪਣੇ ਘਰ ਪਰਤ ਆਏ ਸਨ। ਇਸ ਹਮਲੇ ’ਚ ਜ਼ਖ਼ਮੀ ਹੋਇਆ ਇੱਕ ਹੋਰ ਵਿਅਕਤੀ ਰਾਜੇਸ਼ ਗੁਪਤਾ (ਨੀਲਮ ਗੁਪਤਾ ਦਾ ਭਰਾ) ਜੰਮੂ ਦੇ ਹਸਪਤਾਲ ’ਚ ਦਾਖਲ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੌਂਡਾ ਦੇ ਪਿੰਡ ਭਿਖਾਰੀਪੁਰ ਦੇ ਵਸਨੀਕ ਦੇਵੀ ਪ੍ਰਸਾਦ ਗੁਪਤਾ ਨੇ ਦੱਸਿਆ ਕਿ ਅਤਿਵਾਦੀਆਂ ਨੇ ਬੱਸ ਦੇ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਤੇ ਬੱਸ ਪਲਟ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਨੀਲਮ ਗੁਪਤਾ ਨੇ ਦੱਸਿਆ ਕਿ ਬੱਸ ਦੇ ਖੱਡ ’ਚ ਡਿੱਗਣ ਤੋਂ ਬਾਅਦ ਵੀ ਅਤਿਵਾਦੀ ਗੋਲੀਆਂ ਚਲਾਉਂਦੇ ਰਹੇ। ਉਨ੍ਹਾਂ ਦਾ ਮਕਸਦ ਸਾਰੇ ਮੁਸਾਫ਼ਰਾਂ ਨੂੰ ਮਾਰ ਦੇਣਾ ਸੀ। ਉਸ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਦੀ ਬੰਦ ਹੋਣ ਮਗਰੋਂ ਉਹ ਬੱਸ ’ਚੋਂ ਬਾਹਰ ਆਏ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਦੱਸਣਯੋਗ ਹੈ ਕਿ ਇਹ ਹਾਦਸਾ ਉਦੋਂ ਵਾਪਰਿਆ ਸੀ, ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਤੀਜੀ ਵਾਰ ਹਲਫ਼ ਲੈ ਰਹੇ ਸਨ।

Spread the love