ਆਪ ਨੂੰ NOTA ਬਟਨ ਤੋਂ ਵੀ ਘੱਟ ਵੋਟਾਂ !

ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਭਾਜਪਾ ਸਭ ਤੋਂ ਅੱਗੇ ਹੈ, ਜਦਕਿ ਤੇਲੰਗਾਨਾ ‘ਚ ਕਾਂਗਰਸ ਅੱਗੇ ਹੈ। ਭਾਜਪਾ ਨੇ ਆਮ ਆਦਮੀ ਪਾਰਟੀ (ਆਪ) ਨੂੰ ਘੇਰਿਆ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਪੰਜਾਬ ਦੇ ਕਰੋੜਾਂ ਰੁਪਏ ਖਰਚ ਕੇ ਇਨ੍ਹਾਂ ਸੂਬਿਆਂ ਲਈ ਪ੍ਰਚਾਰ ਕਰਨ ਵਾਲੀ ਆਪ ਦੇ ਪੱਲੇ ਕੁਝ ਨਹੀਂ ਪਿਆ। ਇਸ ਧਿਰ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਸਿਰਸਾ ਨੇ ਦਾਅਵਾ ਕੀਤਾ ਹੈ ਕਿ ਆਪ ਨੂੰ 0.04 ਫੀਸਦੀ ਵੋਟਾਂ ਮਿਲੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਜ਼ਰੂਰ ਇਨ੍ਹਾਂ ਨੇ ਧੋਖੇ ਨਾਲ ਜਿੱਤ ਲਿਆ, ਪਰ ਦੇਸ਼ ਨੇ ਇਨ੍ਹਾਂ ਦੇ ਮੂੰਹ ਉਤੇ ਬੜੀ ਵੱਡੀ ਚਪੇੜ ਮਾਰੀ ਹੈ। ਪੰਜਾਬ ਦਾ ਕਰੋੜਾਂ ਰੁਪਏ ਉਜਾੜਨ ਦੇ ਬਾਵਜੂਦ ਲੋਕਾਂ ਨੇ ਤੁਹਾਨੂੰ ਬੇਰੰਗ ਲਿਫਾਫੇ ਵਾਂਗ ਮੋੜਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪ ਦੀ ਕੁਰਗੁਜ਼ਾਰੀ ਉਤੇ ਸਵਾਲ ਚੁੱਕੇ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਹੈ ਕਿ ਚੋਣ ਪ੍ਰਚਾਰ ਉਤੇ ਪੰਜਾਬ ਦਾ ਕਰੋੜਾਂ ਰੁਪਏ ਖਰਚ ਕਰ ਦਿੱਤਾ, ਪਰ ਇਸ ਦੇ ਬਾਵਜੂਦ ਇਨ੍ਹਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ।
ਆਮ ਆਦਮੀ ਪਾਰਟੀ ਦਾ ਚਾਰੋਂ ਸੂਬਿਆਂ ‘ਚ ਖਾਤਾ ਵੀ ਨਹੀਂ ਖੁੱਲ੍ਹਲਿਆ, ਹਾਲਾਂਕਿ ਇਥੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੋਰਦਾਰ ਪ੍ਰਚਾਰ ਕੀਤਾ ਸੀ।

Spread the love