ਵਾਸ਼ਿੰਗਟਨ, 7 ਮਾਰਚ (ਰਾਜ ਗੋਗਨਾ )- ਪਾਕਿਸਤਾਨੀ-ਕੈਨੇਡੀਅਨ ਕਾਰੋਬਾਰੀ ਤਹਵੁਰ ਰਾਣਾ, ਜੋ ਕਿ 2008 ਦੇ ਮੁੰਬਈ ਅੱਤਵਾਦੀ ਹਮਲੇ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ, ਨੇ ਸੁਪਰੀਮ ਕੋਰਟ ਵਿੱਚ ਇੱਕ ਐਮਰਜੈਂਸੀ ਪਟੀਸ਼ਨ ਦਾਇਰ ਕਰਕੇ ਅਮਰੀਕਾ-ਭਾਰਤ ਹਵਾਲਗੀ ਸੰਧੀ ਦੇ ਤਹਿਤ ਭਾਰਤ ਨੂੰ ਆਪਣੀ ਹਵਾਲਗੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਅਤੇ ਦਾਅਵਾ ਕੀਤਾ ਹੈ ਕਿ ਜੇਕਰ ਉਸ ਨੂੰ ਭਾਰਤ ਹਵਾਲਗੀ ਦਿੱਤੀ ਜਾਂਦੀ ਹੈ, ਤਾਂ ਉਸ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹ ਇੱਕ ਪਾਕਿਸਤਾਨੀ ਮੁਸਲਮਾਨ ਹੈ। ਹਾਲਾਂਕਿ, ਸੁਪਰੀਮ ਕੋਰਟ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਰੱਦ ਕਰਦੇ ਹੋਏ ਉਸ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ ।ਇਸ ਨਾਲ ਮੁੰਬਈ ਅੱਤਵਾਦੀ ਹਮਲੇ ਦੇ ਸਾਜ਼ਿਸ਼ਕਾਰਾਂ ਨੂੰ ਵੱਡਾ ਝਟਕਾ ਲੱਗਾ।ਰਾਣਾ ਨੇ ਭਾਰਤ ਨੂੰ ਆਪਣੀ ਹਵਾਲਗੀ ਦੇ ਖਿਲਾਫ ਨੌਵੇਂ ਸਰਕਟ ਲਈ ਅਮਰੀਕੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। 64 ਸਾਲਾ ਰਾਣਾ ਨੂੰ ਇਸ ਸਮੇਂ ਲਾਸ ਏਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ ਹੈ। ਰਾਣਾ ਨੇ 13 ਫਰਵਰੀ ਨੂੰ ਦਾਇਰ ਪਟੀਸ਼ਨ ਦੇ ਆਧਾਰ ‘ਤੇ ਆਪਣੀ ਹਵਾਲਗੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਆਪਣੀ ਪਟੀਸ਼ਨ ਵਿੱਚ, ਰਾਣਾ ਨੇ ਦਲੀਲ ਦਿੱਤੀ ਹੈ ਕਿ ਉਸ ਦੀ ਭਾਰਤ ਹਵਾਲਗੀ ਵਿਰੁੱਧ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ। ਇਸ ਤੋਂ ਇਲਾਵਾ, ਉਹ ਖੁਦ ਪਾਕਿਸਤਾਨੀ ਮੂਲ ਦਾ ਮੁਸਲਮਾਨ ਹੈ ਅਤੇ ਉਸ ‘ਤੇ ਅਤਿਆਚਾਰ ਦਾ ਖ਼ਤਰਾ ਹੈ।ਉਸ ਨੇ ਦਾਅਵਾ ਕੀਤਾ ਕਿ ਮੇਰੀ ਵਿਗੜਦੀ ਸਿਹਤ ਨੂੰ ਦੇਖਦੇ ਹੋਏ, ਭਾਰਤੀ ਜੇਲ੍ਹਾਂ ਵਿੱਚ ਮੇਰੀ ਹਵਾਲਗੀ ਮੌਤ ਦੀ ਸਜ਼ਾ ਹੋਵੇਗੀ। ਉਸ ਨੇ ਜੁਲਾਈ 2024 ਤੋਂ ਮੈਡੀਕਲ ਰਿਕਾਰਡ ਜਮ੍ਹਾ ਕਰਵਾਏ ਹਨ ਜੋ ਇਹ ਦਰਸਾਉਂਦੇ ਹਨ ਕਿ ਉਹ ਕਈ ਜਾਨਲੇਵਾ ਬਿਮਾਰੀਆਂ ਤੋਂ ਪੀੜਤ ਹੈ। ਜਿਸ ਵਿੱਚ ਉਸਨੇ ਦੱਸਿਆ ਹੈ ਕਿ ਉਸਨੂੰ ਕਈ ਵਾਰ ਦਿਲ ਦੇ ਦੌਰੇ ਪੈ ਚੁੱਕੇ ਹਨ ਅਤੇ ਉਹ ਪਾਰਕਿੰਸਨ’ਸ ਦੀ ਬਿਮਾਰੀ ਤੋਂ ਵੀ ਪੀੜਤ ਹੈ। ਰਾਣਾ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਜੇਕਰ ਉਸਦੀ ਹਵਾਲਗੀ ਵਿਰੁੱਧ ਸਟੇਅ ਨਹੀਂ ਦਿੱਤੀ ਜਾਂਦੀ, ਤਾਂ ਉਸਦੇ ਕੇਸ ਦੀ ਕੋਈ ਸਮੀਖਿਆ ਨਹੀਂ ਹੋਵੇਗੀ ਅਤੇ ਅਮਰੀਕੀ ਅਦਾਲਤ ਆਪਣਾ ਅਧਿਕਾਰ ਖੇਤਰ ਗੁਆ ਦੇਵੇਗੀ। ਇਨ੍ਹਾਂ ਹਾਲਾਤਾਂ ਵਿੱਚ ਬਿਨੈਕਾਰ ਦੀ ਜਲਦੀ ਹੀ ਮੌਤ ਹੋ ਜਾਵੇਗੀ।
