ਫ਼ੈਡਰਲ ਸਰਕਾਰ ਵੱਲੋਂ ਫ਼ੌਲ ਇਕਨੌਮਿਕ ਸਟੇਟਮੈਂਟ ਜਾਰੀ

ਫ਼ੈਡਰਲ ਸਰਕਾਰ ਵੱਲੋਂ ਫ਼ੌਲ ਇਕਨੌਮਿਕ ਸਟੇਟਮੈਂਟ ਜਾਰੀ

ਅਗਲੇ ਛੇ ਸਾਲਾਂ ਵਿੱਚ ਉਮੀਦ ਤੋਂ 20.8 ਬਿਲੀਅਨ ਵੱਧ ਖ਼ਰਚੇਗੀ ਸਰਕਾਰ – ਇਸ ਸਾਲ ਦਾ ਘਾਟਾ 40 ਬਿਲੀਅਨ ਡਾਲਰ

21 ਨਵੰਬਰ 2023 ਨੂੰ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਫ਼ੌਲ ਇਕਨੌਮਿਕ ਸਟੇਟਮੈਂਟ ਜਾਰੀ ਕੀਤੀ।

ਫ਼ੈਡਰਲ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਬੁੱਧਵਾਰ ਨੂੰ ਸਰਕਾਰ ਦਾ ਮਿੰਨੀ ਬਜਟ ਮੰਨੀ ਜਾਂਦੀ ਫ਼ੌਲ ਇਕਨੌਮਿਕ ਸਟੇਟਮੈਂਟ ਜਾਰੀ ਕੀਤੀ।

ਇਕਨੌਮਿਕ ਸਟੇਟਮੈਂਟ ਵਿਚ ਸਰਕਾਰ ਦੀ ਵਿੱਤੀ ਸਥਿਤੀ ਅਤੇ ਅਹਿਮ ਖੇਤਰਾਂ ਲਈ ਭਵਿੱਖ ਦੀ ਯੋਜਨਾ ਜਾਰੀ ਕੀਤੀ ਜਾਂਦੀ ਹੈ।

ਨਵੀਂ ਫ਼ੌਲ ਇਨਕੌਮਿਕ ਸਟੇਟਮੈਂਟ ਅਨੁਸਾਰ ਆਉਂਦੇ ਸਾਲਾਂ ਨੂੰ ਸਰਕਾਰ ਸਿਰ ਕਰਜ਼ਾ ਵਧੇਗਾ ਅਤੇ ਇਹ ਕਰਜ਼ਾ ਸਰਕਾਰ ਨੂੰ ਹੋਣ ਵਾਲੀ ਆਮਦਨ ਦਾ ਮੋਟਾ ਹਿੱਸਾ ਖਾ ਜਾਵੇਗਾ।

ਫ਼੍ਰੀਲੈਂਡ ਦੇ ਦਸਤਾਵੇਜ਼ ਅਨੁਸਾਰ ਕੈਨੇਡਾ ਦਾ ਆਰਥਿਕ ਮੰਦੀ ਤੋਂ ਬਚਾਅ ਰਹੇਗਾ ਪਰ ਆਰਥਿਕ ਵਿਕਾਸ ਬੇਹੱਦ ਧੀਮਾ ਰਹੇਗਾ। ਅਗਲੇ ਸਾਲ ਵਿਚ ਬੇਰੁਜ਼ਗਾਰੀ ਦਰ ਵਧੇਗੀ ਅਤੇ ਲੱਖਾਂ ਲੋਕ ਨੌਕਰੀਆਂ ਤੋਂ ਸੱਖਣੇ ਹੋ ਸਕਦੇ ਹਨ।

ਫ੍ਰੀਲੈਂਡ ਅਗਲੇ ਛੇ ਸਾਲਾਂ ਵਿੱਚ ਫੈਡਰਲ ਸਰਕਾਰ ਦੇ ਸ਼ੁਰੂਆਤੀ ਅਨੁਮਾਨ ਨਾਲੋਂ ਲਗਭਗ $20.8 ਬਿਲੀਅਨ ਹੋਰ ਖਰਚ ਕਰਨਾ ਚਾਹੁੰਦੀ ਹੈ। ਜ਼ਿਆਦਾਤਰ ਨਵਾਂ ਖ਼ਰਚ ਹਾਊਸਿੰਗ ਸੈਕਟਰ ਵਿਚਲੀਆਂ ਨੀਤੀਆਂ, ਜਿਵੇਂ ਬਿਲਡਰਾਂ ਲਈ ਸਸਤੇ ਲੋਨ ਪ੍ਰਦਾਨ ਕਰਨ ‘ਤੇ ਆਵੇਗਾ।

ਲਿਬਰਲ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਹੈ ਉਦੋਂ ਤੋਂ ਸਰਕਾਰ ਬਜਟ ਘਾਟੇ ‘ਤੇ ਚਲ ਰਹੀ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਵੀ ਸਰਕਾਰ ਨੇ ਆਰਥਿਕਤਾ ਨੂੰ ਲੀਹ ‘ਤੇ ਰੱਖਣ ਲਈ ਵੱਡਾ ਘਾਟਾ ਸਹਿਣ ਕੀਤਾ ਸੀ।

ਹੁਣ ਵਿਆਜ ਦਰਾਂ ਦੇ 20 ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਆਉਣ ਕਰਕੇ ਇਸ ਕਰਜ਼ੇ ਦੀ ਲਾਗਤ 2020-21 ਵਿੱਚ $20.3 ਬਿਲੀਅਨ ਤੋਂ ਵਧ ਕੇ ਇਸ ਵਿੱਤੀ ਸਾਲ ਵਿੱਚ $46.5 ਬਿਲੀਅਨ ਹੋ ਗਈ ਹੈ।

ਇਕਨੌਮਿਕ ਸਟੇਟਮੈਂਟ ਦੇ ਅਨੁਸਾਰ, ਕਰਜ਼ੇ ਕਰਕੇ 2028-29 ਵਿੱਚ ਫ਼ੈਡਰਲ ਖਜ਼ਾਨੇ ‘ਤੇ 60.7 ਬਿਲੀਅਨ ਡਾਲਰ ਪ੍ਰਤੀ ਸਾਲ ਖਰਚਾ ਆਉਣ ਦਾ ਅਨੁਮਾਨ ਹੈ।

ਕਰਜ਼ੇ ਦੀਆਂ ਅਦਾਇਗੀਆਂ ਫ਼ੈਡਰਲ ਬਜਟ ਵਿਚ ਸਭ ਤੋਂ ਮਹਿੰਗੀਆਂ ਆਈਟਮਾਂ ਵਿਚੋਂ ਇੱਕ ਹੋਣਗੀਆਂ।

ਮਿਸਾਲ ਦੇ ਤੌਰ ‘ਤੇ ਕੈਨੇਡੀਅਨ ਆਰਮਡ ਫ਼ੋਰਸੇਜ਼ ‘ਤੇ ਇਸ ਵਿੱਤੀ ਸਾਲ ਦੌਰਾਨ ਸਰਕਾਰ 28.9 ਬਿਲੀਅਨ ਡਾਲਰ ਖ਼ਰਚ ਕਰੇਗੀ ਜੋਕਿ ਬੈਂਕਾਂ ਅਤੇ ਬੌਂਡਧਾਰਕਾਂ ਨੂੰ ਕਰਜ਼ੇ ਦੇ ਭੁਗਤਾਨ ਲਈ ਦਿੱਤੀ ਜਾਣ ਵਾਲੀ ਰਾਸ਼ੀ ਨਾਲੋਂ ਕਰੀਬ 18 ਬਿਲੀਅਨ ਘੱਟ ਹੈ।

40 ਬਿਲੀਅਨ ਡਾਲਰ ਦਾ ਘਾਟਾ
ਇਸ ਵਿੱਤੀ ਸਾਲ ਲਈ ਘਾਟਾ $40 ਬਿਲੀਅਨ ਹੋਣ ਦਾ ਅਨੁਮਾਨ ਹੈ – ਲਗਭਗ ਉਹੀ ਰਕਮ ਜੋ ਫ੍ਰੀਲੈਂਡ ਨੇ ਸਪਰਿੰਗ ਦੌਰਾਨ ਬਜਟ ਵਿੱਚ ਕਿਆਸੀ ਸੀ।

ਭਾਵੇਂ ਸਰਕਾਰ ਦਾ ਕਹਿਣਾ ਹੈ ਕਿ ਉਹ ਉਮੀਦ ਕਰਦੀ ਹੈ ਕਿ ਕੈਨੇਡਾ ਮੰਦੀ ਤੋਂ ਬਚ ਜਾਵੇਗਾ, ਪਰ ਵਿੱਤ ਵਿਭਾਗ ਅਨੁਮਾਨ ਲਗਾ ਰਿਹਾ ਹੈ ਕਿ ਅਗਲੇ ਸਾਲ ਅਰਥਚਾਰੇ ਵਿੱਚ ਲਗਭਗ ਕੋਈ ਵਾਧਾ (0.3 ਪ੍ਰਤੀਸ਼ਤ) ਨਹੀਂ ਹੋਵੇਗਾ।

ਅਗਲੇ ਸਾਲ ਦੀ ਦੂਜੀ ਤਿਮਾਹੀ ਵਿੱਚ ਬੇਰੁਜ਼ਗਾਰੀ ਦਰ ਦੇ ਲਗਭਗ ਪੂਰੇ ਇੱਕ ਪ੍ਰਤੀਸ਼ਤ ਅੰਕ ਯਾਨੀ 6.5 ਪ੍ਰਤੀਸ਼ਤ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਉੱਚ ਵਿਆਜ ਦਰ ਦੇ ਮਾਹੌਲ ਕਾਰਨ ਕਰਜ਼ੇ ਦੇ ਖ਼ਰਚੇ ਵਧਣਗੇ ਅਤੇ ਘਾਟਾ ਉੱਪਰ ਵੱਲ ਨੂੰ ਜਾਵੇਗਾ।

ਇਸਦਾ ਮਤਲਬ ਹੈ ਕਿ ਪਿਛਲੇ ਘਾਟੇ ਦੇ ਅਨੁਮਾਨਾਂ ਨੂੰ ਆਉਣ ਵਾਲੇ ਸਾਲਾਂ ਲਈ ਉੱਪਰ ਵੱਲ ਨੂੰ ਨਵਿਆਇਆ ਗਿਆ ਹੈ।

2024-25 ਲਈ ਘਾਟਾ 38.4 ਬਿਲੀਅਨ ਡਾਲਰ – ਅਗਲੇ ਸਾਲ ਵਿੱਚ $38.3 ਬਿਲੀਅਨ ਅਤੇ 2026-27 ਵਿੱਚ $27.1 ਬਿਲੀਅਨ ਰਹਿਣ ਦਾ ਅਨੁਮਾਨ ਹੈ। ਇਹ ਅੰਕੜੇ ਮਾਰਚ ਵਿੱਚ ਫ਼ੈਡਰਲ ਸਰਕਾਰ ਦੀ ਭਵਿੱਖਬਾਣੀ ਨਾਲੋਂ ਵੱਧ ਹਨ।

ਸਰਕਾਰ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਭਵਿੱਖ ਵਿਚ ਸੰਤੁਲਿਤ ਬਜਟ ਦੀ ਉਮੀਦ ਨਹੀਂ ਕਰਦੀ।

ਅਸਲ ਵਿੱਚ ਸਥਿਤੀ ਇਸ ਤੋਂ ਵੀ ਮਾੜੀ ਹੋ ਸਕਦੀ ਹੈ। ਫ਼ੌਲ ਇਕਨੌਮਿਕ ਸਟੇਟਮੈਂਟ ਵਿਚ ਸਰਕਾਰ ਨੇ ਡਾਊਨਸਾਈਡ ਸੀਨੈਰੀਓ ਯਾਨੀ ਇੱਕ ਮਾੜੀ ਤਸਵੀਰ ਵੀ ਪੇਸ਼ ਕੀਤੀ ਹੈ- ਇੱਕ ਅਜਿਹੀ ਸਥਿਤੀ ਜਿਸ ਵਿਚ ਅਰਥਚਾਰਾ ਮੰਦੀ ਵਿੱਚ ਖਿਸਕ ਸਕਦਾ ਹੈ।

ਇਸ ਮੰਦਵਾੜੇ ਦੀ ਸਥਿਤੀ ਵਿੱਚ ਘਾਟੇ ਹੋਰ ਵੀ ਵੱਧ ਹੋਣਗੇ, ਕੰਮ ਕਰਨ ਵਾਲੇ ਲੋਕ ਘਟਣਗੇ ਅਤੇ ਕਾਰੋਬਾਰ ਘੱਟ ਟੈਕਸ ਅਦਾ ਕਰ ਸਕਣਗੇ।

ਫ੍ਰੀਲੈਂਡ ਨੇ ਪਾਰਲੀਮੈਂਟ ਨੂੰ ਆਪਣੇ ਭਾਸ਼ਣ ਵਿੱਚ ਇੱਕ ਆਸ਼ਾਵਾਦੀ ਪਹਿਲੂ ਸੁਣਾਉਣ ਦੀ ਕੋਸ਼ਿਸ਼ ਕੀਤੀ।

ਮਹਿੰਗਾਈ ਹੇਠਾਂ ਆ ਰਹੀ ਹੈ, ਉਜਰਤਾਂ ਵੱਧ ਰਹੀਆਂ ਹਨ ਅਤੇ ਪ੍ਰਾਈਵੇਟ ਸੈਕਟਰ ਦੇ ਅਰਥ ਸ਼ਾਸਤਰੀ ਹੁਣ ਉਮੀਦ ਕਰਦੇ ਹਨ ਕਿ ਕੈਨੇਡਾ ਮਹਾਂਮਾਰੀ ਤੋਂ ਬਾਅਦ ਦੀ ਮੰਦੀ ਤੋਂ ਬਚੇਗਾ ਜਿਸਦੀ ਕਈਆਂ ਨੇ ਭਵਿੱਖਬਾਣੀ ਕੀਤੀ ਸੀ।

ਹੁਣ, ਮੈਂ ਉਸ ਹਕੀਕਤ ਤੋਂ ਇਨਕਾਰ ਨਹੀਂ ਕਰਨਾ ਚਾਹੁੰਦੀ ਜਿਸ ਦਾ ਅੱਜ ਬਹੁਤ ਸਾਰੇ ਕੈਨੇਡੀਅਨਜ਼ ਸਾਹਮਣਾ ਕਰ ਰਹੇ ਹਨ। ਮੈਂ ਪੂਰੀ ਤਰ੍ਹਾਂ ਸਮਝਦੀ ਹਾਂ ਕਿ ਤਿੰਨ ਮੁਸ਼ਕਲ ਸਾਲਾਂ ਤੋਂ ਬਾਅਦ – ਇੱਕ ਵਿਸ਼ਵਵਿਆਪੀ ਮਹਾਂਮਾਰੀ, ਗਲੋਬਲ ਮਹਿੰਗਾਈ ਅਤੇ ਗਲੋਬਲ ਵਿਆਜ ਦਰਾਂ ਵਿੱਚ ਵਾਧੇ ਦੇ ਨਾਲ – ਕੈਨੇਡੀਅਨਜ਼ ਥੱਕ ਗਏ ਹਨ, ਨਿਰਾਸ਼ ਹਨ ਅਤੇ ਨੁੱਚੜਿਆ ਮਹਿਸੂਸ ਕਰ ਰਹੇ ਹਨ।

ਅੱਜ ਕੈਨੇਡੀਅਨਜ਼ ਜਿਸ ਚੀਜ਼ ਦੇ ਹੱਕਦਾਰ ਹਨ ਸਾਡੇ ਲਈ, ਸਾਡੇ ਦੇਸ਼ ਦੇ ਭਵਿੱਖ ਲਈ ਇੱਕ ਆਸ਼ਾਵਾਦੀ ਅਤੇ ਪ੍ਰਾਪਤੀਯੋਗ ਦ੍ਰਿਸ਼ਟੀਕੋਣ ਨਾਲ, ਉਸ ਅਸਲ ਦਰਦ ਦਾ ਨਿਵਾਰਨ ਕਰਨਾ ਹੈ ਜੋ ਬਹੁਤ ਸਾਰੇ ਮਹਿਸੂਸ ਕਰ ਰਹੇ ਹਨ।

ਉਸ ਦਰਦ ਨੂੰ ਦੂਰ ਕਰਨ ਲਈ, ਫ੍ਰੀਲੈਂਡ ਨੇ ਸਰਕਾਰ ਦੁਆਰਾ ਪਹਿਲਾਂ ਹੀ ਐਲਾਨੇ ਗਏ ਨਵੇਂ ਹਾਊਸਿੰਗ ਉਪਾਵਾਂ ਤੋਂ ਪਰੇ ਅਤੇ ਹੋਰ ਉੱਦਮ ਕਰਨ ਦੀ ਗੱਲ ਆਖੀ।

ਅਗਲੇ ਵਿੱਤੀ ਸਾਲ ਤੋਂ ਫ਼ੈਡਰਲ ਸਰਕਾਰ ਅਪਾਰਟਮੈਂਟ ਕੰਸਟਰਕਸ਼ਨ ਲੋਨ ਪ੍ਰੋਗਰਾਮ ਦੇ ਤਹਿਤ ਨਵੇਂ ਲੋਨ ਫੰਡਿੰਗ ਵਿੱਚ $15 ਬਿਲੀਅਨ ਉਪਲਬਧ ਕਰਵਾਏਗੀ। ਇਸ ਪਹਿਲਕਦਮੀ ਦਾ ਮਤਲਬ ਕਿਫਾਇਤੀ ਘਰਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ।

ਫ਼ੌਲ ਇਕਨੌਮਿਕ ਸਟੇਟਮੈਂਟ ਦੇ ਅਨੁਸਾਰ ਇਹ ਪ੍ਰੋਗਰਾਮ 2031-32 ਤੱਕ 101,000 ਨਵੇਂ ਘਰ ਪ੍ਰਦਾਨ ਕਰੇਗਾ।

ਫ੍ਰੀਲੈਂਡ ਦੇ ਨਵੇਂ ਦਸਤਾਵੇਜ਼ ਵਿਚ ਦੇਸ਼ ਭਰ ਵਿੱਚ ਹੋਰ ਗੈਰ-ਮੁਨਾਫ਼ਾ, ਕੋ-ਔਪ ਅਤੇ ਪਬਲਿਕ ਹਾਊਸਿੰਗ ਬਣਾਉਣ ਵਿੱਚ ਮਦਦ ਕਰਨ ਲਈ, 2025-26 ਤੋਂ ਸ਼ੁਰੂ ਕਰਦੇ ਹੋਏ, ਤਿੰਨ ਸਾਲਾਂ ਵਿੱਚ 1 ਬਿਲੀਅਨ ਡਾਲਰ ਦੇ ਵਾਧੂ ਖ਼ਰਚ ਦੀ ਪੇਸ਼ਕਸ਼ ਕੀਤੀ ਗਈ ਹੈ।

ਸਟੇਟਮੈਂਟ ਅਨੁਸਾਰ ਇਸ ਦੇ ਨਤੀਜੇ ਵਜੋਂ 2028 ਵਿੱਚ ਲਗਭਗ 7,000 ਨਵੇਂ ਘਰ ਬਣਾਏ ਜਾਣਗੇ।

ਫ੍ਰੀਲੈਂਡ ਨੇ ਇੱਕ ਨਵਾਂ ਕੈਨੇਡੀਅਨ ਮੌਰਗੇਜ ਚਾਰਟਰ ਪੇਸ਼ ਕੀਤਾ ਹੈ, ਜੋ ਮੌਰਗੇਜ ਰੀਨਿਊ ਕਰਨ ਵੇਲੇ ਮਕਾਨ ਮਾਲਕਾਂ ਨੂੰ ਨਵੇਂ ਅਧਿਕਾਰ ਦੇਵੇਗਾ।

ਸਰਕਾਰ ਏਅਰਬੀਐਨਬੀ ਅਤੇ ਹੋਰ ਥੋੜ੍ਹੇ ਸਮੇਂ ਲਈ ਕਿਰਾਏ ਦੀਆਂ ਇਕਾਈਆਂ ‘ਤੇ ਵੀ ਕਾਰਵਾਈ ਸ਼ੁਰੂ ਕਰ ਰਹੀ ਹੈ, ਜਿਸ ਨਾਲ ਇਹਨਾਂ ਸ਼ੌਰਟ-ਟਰਮ ਰੈਂਟਲ ਯੂਨਿਟਾਂ ਨੂੰ ਚਲਾਉਣਾ ਘੱਟ ਮੁਨਾਫ਼ੇ ਦਾ ਕੰਮ ਹੋਵੇਗਾ।

ਇਸ ਤੋਂ ਇਲਾਵਾ ਸਟੇਟਮੈਂਟ ਵਿਚ ਸ਼ੌਰਟ-ਟਰਮ ਰੈਂਟਲ ਆਮਦਨ ਕਮਾਉਣ ਲਈ ਕੀਤੇ ਖਰਚਿਆਂ ਲਈ ਟੈਕਸ ਕਟੌਤੀਆਂ ਤੋਂ ਇਨਕਾਰ ਕਰਨ ਦਾ ਵੀ ਪ੍ਰਸਤਾਵ ਹੈ।

ਇਕਨੌਮਿਕ ਸਟੇਟਮੈਂਟ ਵਿੱਚ ਵਾਅਦਾ ਕੀਤਾ ਗਿਆ ਹੈ ਕਿ ਮਨੋ-ਚਿਕਿਤਸਾ ਅਤੇ ਕਾਉਂਸਲਿੰਗ ਲਈ ਜੀਐਸਟੀ ਅਤੇ ਐਚਐਸਟੀ ਨੂੰ ਹਟਾਇਆ ਜਾਵੇਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡੀਅਨਜ਼ ਲੋੜੀਂਦੀ ਸਹਾਇਤਾ ਪ੍ਰਾਪਤ ਕਰ ਸਕਣ।

ਬੱਚਿਆਂ ਨੂੰ ਗੋਦ ਲੈਣ ਵਾਲੇ ਮਾਪਿਆਂ ਲਈ ਇੱਕ ਨਵਾਂ EI (ਇੰਪਲੋਇਮੈਂਟ ਇੰਸ਼ੋਰੈਂਸ) ਬੈਨਿਫ਼ਿਟ ਵੀ ਹੈ।

ਜੌਨ ਪੌਲ ਟਸਕਰ

Spread the love