ਆਪਣੀਆਂ ਮੰਗਾਂ ਦੇ ਹੱਕ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦਾ ਇਕੇ ਸ਼ੰਭੂ ਸਰਹੱਦ ਤੋਂ ਅਗਲਾ ਜਥਾ 14 ਦਸੰਬਰ ਨੂੰ ਮੁੜ ਦਿੱਲੀ ਕੂਚ ਕਰੇਗਾ।ਇਹ ਐਲਾਨ ਅੱਜ ਸ਼ੰਭੂ ਬਾਰਡਰ ‘ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਵੱਲੋਂ ਕੀਤਾ ਗਿਆ। ਇਹ ਫ਼ੈਸਲਾ ਕਿਸਾਨ ਆਗੂਆਂ ਵੱਲੋਂ ਸੰਘਰਸ਼ ਦੀ ਅਗਲੀ ਰਣਨੀਤੀ ਉਤੇ ਕੀਤੀਆਂ ਗਈਆਂ ਡੂੰਘੀਆਂ ਵਿਚਾਰਾਂ ਤੋਂ ਬਾਅਦ ਕੀਤਾ ਗਿਆ ਹੈ।
ਗ਼ੌਰਤਲਬ ਹੈ ਕਿ ਹਰਿਆਣਾ ਅਤੇ ਪੰਜਾਬ ਦੀਆਂ ਸ਼ੰਭੂ ਅਤੇ ਢਾਬੀ ਗੁਜਰਾਂ ਸਰਹੱਦਾਂ ਉਤੇ ਬੀਤੇ ਫਰਵਰੀ ਮਹੀਨੇ ਤੋਂ ਜਾਰੀ ਮੋਰਚਿਆਂ ਨੂੰ ਕਰੀਬ ਦਸ ਮਹੀਨੇ ਹੋ ਜਾਣ ਦੇ ਮੱਦੇਨਜ਼ਰ ਬੀਤੇ ਦਿਨੀਂ ਕਿਸਾਨ ਆਗੂਆਂ ਨੇ ਸੰਘਰਸ਼ ਦੇ ਅਗਲੇ ਪੜਾਅ ਦੌਰਾਨ ਸ਼ਾਂਤਮਈ ਢੰਗ ਨਾਲ ਅਤੇ ਬਿਨਾਂ ਟਰੈਕਟਰਾਂ-ਟਰਾਲੀਆਂ ਤੋਂ ਪੈਦਲ ਦਿੱਲੀ ਕੂਚ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਤਹਿਤ ਬੀਤੀ 6 ਦਸੰਬਰ ਤੋਂ 101 ਕਿਸਾਨ ਮਰਜੀਵੜਿਆਂ ਦੇ ਜਥੇ ਪੜਾਅਵਾਰ ਦਿੱਲੀ ਭੇਜਣ ਦਾ ਐਲਾਨ ਕੀਤਾ ਗਿਆ ਸੀ।
ਜਦੋਂ 6 ਦਸੰਬਰ ਨੂੰ ਕਿਸਾਨਾਂ ਦੇ ਅਜਿਹੇ ਪਹਿਲੇ ਜਥੇ ਨੇ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲੀਸ ਨੇ ਕਿਸਾਨਾਂ ਦੇ ਜਥੇ ਨੂੰ ਸ਼ੰਭੂ ਬਾਰਡਰ ਨਾ ਟੱਪਣ ਦਿੱਤਾ ਅਤੇ ਉਨ੍ਹਾਂ ਸਖ਼ਤੀ ਨਾਲ ਰੋਕ ਦਿੱਤਾ। ਇਸ ਮੌਕੇ ਜਥੇ ਉਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਗਏ ਅਤੇ ਕਥਿਤ ਤੌਰ ’ਤੇ ਹੋਰ ਕਈ ਤਰ੍ਹਾਂ ਤਾਕਤ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ 8 ਦਸੰਬਰ ਨੂੰ ਫਿਰ 101 ਕਿਸਾਨਾਂ ਦੇ ਜਥੇ ਨੇ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਨੂੰ ਵੀ ਹਰਿਆਣਾ ਪੁਲੀਸ ਨੇ ਸਖ਼ਤੀ ਨਾਲ ਨਾਕਾਮ ਕਰ ਦਿੱਤਾ।