ਕਿਊਬਿਕ ਸੂਬੇ ਦੇ ਸ਼ਹਿਰ ਗੇਟੀਨਿਊੂ ਵਿਖੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਜੋਂ ਟਰੈਕਟਰ ਰੈਲੀ ਕੱਢੀ ਗਈ, ਜਿਸ ਵਿਚ ਸੂਬੇ ਭਰ ‘ਚੋਂ ਹਜ਼ਾਰਾਂ ਕਿਸਾਨ ਆਪੋ-ਆਪਣੇ ਟਰੈਕਟਰ ਲੈ ਕੇ ਪਹੁੰਚੇ । ਕਿਊਬਕ ਫਾਰਮਰਜ਼ ਐਸੋਸੀਏਸ਼ਨ ਦੇ ਸੱਦੇ ‘ਤੇ ਰੈਲੀ ‘ਚ ਸ਼ਾਮਿਲ ਹੋਏ ਕਿਸਾਨਾਂ ਨੇ ਆਪਣੇ ਟਰੈਕਟਰ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ‘ਤੇ ਖੜ੍ਹੇ ਕਰ ਦਿੱਤੇ । ਇਸ ਮੌਕੇ ਕਿਊਬਕ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਉੱਘੇ ਕਿਸਾਨ ਆਗੂ ਜੌਹਨ ਮੈਕਾਰਟ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਨੇਡਾ ਦੀ 2021 ਦੀ ਜਨਗਣਨਾ ਦੀ ਖੇਤੀਬਾੜੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸੰਨ 2001 ਵਿਚ 2 ਲੱਖ 45 ਹਜ਼ਾਰ ਖੇਤਾਂ ਵਿਚ ਖੇਤੀਬਾੜੀ ਦਾ ਧੰਦਾ ਹੁੰਦਾ ਸੀ, ਜਦਕਿ 20 ਸਾਲਾਂ ਵਿਚ 2021 ‘ਚ ਇਹ ਘਟ ਕੇ 1 ਲੱਖ 80 ਹਜ਼ਾਰ ਖੇਤਾਂ ਤੱਕ ਸੀਮਤ ਰਹਿ ਗਿਆ ਹੈ, ਜਿਸ ਦਾ ਮੁੱਖ ਕਾਰਨ ਡੀਜ਼ਲ, ਖਾਦਾਂ ਅਤੇ ਸਪਰੇਅ ਦੀਆਂ ਵਧੀਆਂ ਬੇਤਹਾਸ਼ਾ ਕੀਮਤਾਂ ਹਨ । ਉਨ੍ਹਾਂ ਕਿਹਾ ਕਿ ਮੌਸਮ ਦਾ ਖ਼ਰਾਬੀ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਤੇ ਬਹੁਤ ਸਾਰੇ ਕਿਸਾਨ ਆਰਥਿਕ ਤੰਗੀ ਕਾਰਨ ਕਿਸਾਨੀ ਛੱਡਣ ਲਈ ਮਜਬੂਰ ਹੋ ਰਹੇ ਹਨ ।