ਕਿਸਾਨਾਂ ਦੇ ਪਾਸਪੋਰਟ ਰੱਦ ਕਰਨ ਦੇ ਮਾਮਲੇ ਤੇ ਪੱਛਮੀ ਬੰਗਾਲ ਦੇ ਰਾਜਸਭਾ ਮੈਂਬਰ ਨੇ ਅੰਬਾਲਾ ਦੇ ਐਸਪੀ ਦੀ ਕਾਰਵਾਈ ‘ਤੇ ਚੱਕੇ ਸਵਾਲ

ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕੌਮੀ ਬੁਲਾਰੇ ਸਾਕੇਤ ਗੋਖਲੇ ਨੇ ਪੰਜਾਬ-ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਲੈ ਕੇ ਅੰਬਾਲਾ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਧਰਨਾਕਾਰੀ ਕਿਸਾਨਾਂ ਦੇ ਪਾਸਪੋਰਟ ਅਤੇ ਵੀਜ਼ੇ ਰੱਦ ਕਰਨ ਦੀ ਕਾਰਵਾਈ ‘ਤੇ ਸਵਾਲ ਉਠਾਏ ਹਨ ਅਤੇ 5 ਦਿਨਾਂ ‘ਚ ਜਾਣਕਾਰੀ ਮੰਗੀ ਹੈ।ਸਾਕੇਤ ਗੋਖਲੇ ਨੇ ਲਿਖਿਆ, “2 ਦਿਨ ਪਹਿਲਾਂ ਅੰਬਾਲਾ ਦੇ ਡੀਐਸਪੀ ਨੇ ਇਕ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਸੀ ਕਿ ਹਰਿਆਣਾ ਪੁਲਿਸ ‘ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪਾਸਪੋਰਟ ਅਤੇ ਵੀਜ਼ੇ ਰੱਦ ਕਰਨ ਲਈ ਕਦਮ ਚੁੱਕ ਰਹੀ ਹੈ।‘ ਇਹ ਹਾਸੋਹੀਣਾ ਹੈ ਕਿਉਂਕਿ ਕਾਨੂੰਨ ਵਿਚ ਅਜਿਹੀ ਕੋਈ ਵਿਵਸਥਾ ਨਹੀਂ ਹੈ ਜੋ ਮਨਮਨਜ਼ੀ ਨਾਲ ਅਜਿਹਾ ਕਰਨ ਦੀ ਇਜਾਜ਼ਤ ਦਿੰਦੀ ਹੈ”।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੁਲਿਸ ਕੋਲ ਵਿਦੇਸ਼ ਮੰਤਰਾਲੇ ਨੂੰ ਨਜ਼ਰ ਅੰਦਾਜ਼ ਕਰਨ ਅਤੇ ਵਿਦੇਸ਼ੀ ਦੂਤਾਵਾਸਾਂ ਨੂੰ “ਵੀਜ਼ਾ ਰੱਦ ਕਰਨ” ਲਈ ਲਿਖਣ ਦਾ ਕੋਈ ਅਧਿਕਾਰ ਨਹੀਂ ਹੈ, ਖਾਸ ਕਰਕੇ ਜਦੋਂ ਵੀਜ਼ਾ ਦੇਣਾ ਭਾਰਤੀ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿਚ ਕੋਈ ਮੁੱਦਾ ਨਹੀਂ ਹੈ। ਮੈਂ ਅੰਬਾਲਾ ਦੇ ਐਸਪੀ ਨੂੰ ਪੱਤਰ ਲਿਖ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਰੁਧ ਕੀਤੀ ਜਾ ਰਹੀ ਇਸ ਗੈਰ-ਕਾਨੂੰਨੀ ਅਤੇ ਮਨਮਾਨੀ ਕਾਰਵਾਈ ਬਾਰੇ ਹੋਰ ਜਾਣਕਾਰੀ ਮੰਗੀ ਹੈ। ਅੰਬਾਲਾ ਦੇ ਡੀਐਸਪੀ ਨੇ ਕਿਹਾ ਕਿ ਪੁਲਿਸ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਪ੍ਰਤੀਕਿਰਿਆ ਦੇ ਰਿਹਾ ਹੈ। ਪੁਲਿਸ ਪਾਸਪੋਰਟ ਐਕਟ ਤਹਿਤ ਕਾਰਵਾਈ ਕਰ ਰਹੀ ਹੈ।

Spread the love