ਕਿਸਾਨ ਅੱਜ ਮਨਾਉਣਗੇ ਅਰਦਾਸ ਦਿਵਸ, 14 ਨੂੰ ਦਿੱਲੀ ਕੂਚ ਕਰਨਗੇ

ਸ਼ੰਭੂ ਬਾਰਡਰ ਤੋਂ ਮਰਜੀਵੜਿਆਂ ਦੇ ਰੂਪ ’ਚ ਕਿਸਾਨਾਂ ਦਾ ਤੀਜਾ ਜਥਾ ਹੁਣ 14 ਦਸੰਬਰ ਨੂੰ ਦਿੱਲੀ ਵੱਲ ਕੂਚ ਕਰੇਗਾ। ਕਿਸਾਨ ਭਲਕੇ 11 ਦਸੰਬਰ ਨੂੰ ਕਿਸਾਨ ਅਰਦਾਸ ਦਿਵਸ ਵਜੋਂ ਮਨਾਉਣਗੇ। ਇਸ ਦੌਰਾਨ ਪੰਦਰਾਂ ਦਿਨਾ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਦਿੱਲੀ ਕੂਚ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ ਸਮੇਤ ਮੋਰਚੇ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਵੇਗੀ। ਸ਼ੰਭੂ ਬਾਰਡਰ ’ਤੇ ਸਵੇਰੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਵੇਗਾ। ਕਿਸਾਨਾਂ ਨੂੰ ਅੱਜ ਵੀ ਕੇਂਦਰ/ਹਰਿਆਣਾ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਮਿਲਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਸ਼ਾਮੀਂ ਸ਼ੰਭੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਸਮੂਹ ਪੰਜਾਬੀਆਂ ਨੂੰ ਗੁਰਦੁਆਰਿਆਂ ਵਿਚ ਜਾ ਕੇ ਅਰਦਾਸ ਕਰਨ ਦੀ ਅਰਜੋਈ ਕੀਤੀ। ਉਨ੍ਹਾਂ ਕਿਹਾ ਕਿ 13 ਫਰਵਰੀ ਨੂੰ ਸ਼ੁਰੂ ਹੋਏ ਮੋਰਚੇ ਦੇ 13 ਦਸੰਬਰ ਨੂੰ ਦਸ ਮਹੀਨੇ ਪੂਰੇ ਹੋ ਜਾਣਗੇ। ਉਨ੍ਹਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਪਹੁੰਚਣ ਦਾ ਸੱਦਾ ਵੀ ਦਿੱਤਾ। ਉਧਰ ਇਸੇ ਕੜੀ ਵਜੋਂ ਅੰਮ੍ਰਿਤਸਰ ਇਲਾਕੇ ਵਿਚੋਂ ਅੱਜ ਵੱਡੀ ਗਿਣਤੀ ਕਿਸਾਨ ਕਾਫਲਿਆਂ ਦੇ ਰੂਪ ’ਚ ਸ਼ੰਭੂ ਬਾਰਡਰ ’ਤੇ ਪੁੱਜੇ। ਪੰਧੇਰ ਨੇ ਦੱਸਿਆ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਉਨ੍ਹਾਂ ਨੂੰ ਅੱਜ ਵੀ ਕੋਈ ਸੱਦਾ ਨਹੀਂ ਆਇਆ ਤੇ ਇਸ ਕਾਰਨ 14 ਦਸੰਬਰ ਨੂੰ ਅਗਲਾ ਜਥਾ ਭੇਜਿਆ ਜਾਵੇਗਾ।

Spread the love