ਕਿਸਾਨਾਂ ਦਾ ਜਥਾ 21 ਨੂੰ ਕਰੇਗਾ ਦਿੱਲੀ ਕੂਚ

ਸ਼ੰਭੂ ਤੇ ਢਾਬੀਗੁੱਜਰਾਂ (ਖਨੌਰੀ) ਬਾਰਡਰਾਂ ’ਤੇ ਗਿਆਰਾਂ ਮਹੀਨਿਆਂ ਤੋਂ ਜਾਰੀ ‘ਕਿਸਾਨ ਅੰਦੋਲਨ-2’ ਦੀ ਕੜੀ ਵਜੋਂ 101 ਕਿਸਾਨਾਂ ਦਾ ਚੌਥਾ ਜਥਾ 21 ਜਨਵਰੀ ਨੂੰ ਦਿੱਲੀ ਵੱਲ ਪੈਦਲ ਕੂਚ ਕਰੇਗਾ। ਜਥੇ ਦੀ ਅਗਵਾਈ ਮਨਜੀਤ ਸਿੰਘ ਰਾਏ ਅਤੇ ਬਲਵੰਤ ਸਿੰਘ ਬਹਿਰਾਮਕੇ ਵੱਲੋਂ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਆਪਣੇ ਅੰਦੋਲਨ ਦੀ ਧਾਰ ਹੋਰ ਤਿੱਖੀ ਕਰਦਿਆਂ ਇਹ ਚੌਥਾ ਜਥਾ ਦਿੱਲੀ ਰਵਾਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ 6, 8 ਅਤੇ 14 ਦਸੰਬਰ ਨੂੰ ਪੈਦਲ ਅਤੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਕੂਚ ਕੀਤਾ ਸੀ, ਪਰ ਹਰ ਵਾਰੀ ਉਨ੍ਹਾਂ ਨੂੰ ਹਰਿਆਣਾ ਪੁਲੀਸ ਵੱਲੋਂ ਬਾਰਡਰ ’ਤੇ ਕੀਤੀ ਗਈ ਜ਼ਬਰਦਸਤ ਬੈਰੀਕੇਡਿੰਗ ’ਤੇ ਹੀ ਰੋਕ ਲਿਆ ਜਾਂਦਾ ਰਿਹਾ। ਇਸ ਦੌਰਾਨ ਪੁਲੀਸ ਨੇ ਕਿਸਾਨਾਂ ਖਿਲਾਫ਼ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਸਮੇਤ ਪਾਣੀ ਦੀਆਂ ਬੁਛਾੜਾਂ ਦੀ ਵੀ ਵਰਤੋਂ ਕੀਤੀ। ਇਨ੍ਹਾਂ ਤਿੰਨਾਂ ਕੋਸ਼ਿਸ਼ਾਂ ਦੌਰਾਨ ਸੌ ਦੇ ਕਰੀਬ ਕਿਸਾਨ ਜ਼ਖ਼ਮੀ ਹੁੰਦੇ ਰਹੇ। ਉਪਰੰਤ ‘ਪੰਜਾਬ ਬੰਦ’ ਅਤੇ ‘ਕਿਸਾਨ ਮਹਾਪੰਚਾਇਤ’ ਸਮੇਤ ਦਿੱਤੇ ਗਏ ਕੁਝ ਹੋਰਨਾਂ ਸੱਦਿਆਂ ਕਰਕੇ ਜਥੇ ਭੇਜਣ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਕਿਸਾਨ ਆਗੂਆਂ ਨੇ ਅੱਜ ਮੁੜ ਕਿਸਾਨਾਂ ਦਾ ਚੌਥਾ ਜਥਾ ਭੇਜਣ ਦਾ ਐਲਾਨ ਕਰਕੇ ਕੇਂਦਰ ਸਰਕਾਰ ਖਿਲਾਫ਼ ਜਾਰੀ ਜੰਗ ਨੂੰ ਹੋਰ ਤਿੱਖੀ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਸੁਰਜੀਤ ਸਿੰਘ ਫੂਲ ਸਮੇਤ ਹੋਰ ਕਿਸਾਨ ਆਗੂਆ ਨੇ ਅੱਜ ਸ਼ੰਭੂ ਮੋਰਚੇ ’ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਕੂਚ ਲਈ ਚੌਥਾ ਜਥਾ ਭੇਜਣ ਦਾ ਫੈਸਲਾ ਕੀਤਾ। ਇਸ ਮੌਕੇ ਬਲਵੰਤ ਸਿੰਘ ਬਹਿਰਾਮਕੇ, ਬਲਕਾਰ ਸਿੰਘ ਬੈਂਸ, ਤੇਜਬੀਰ ਸਿੰਘ ਪੰਜੋਖਰਾ, ਜੰਗ ਸਿੰਘ ਭਟੇੜੀ, ਮਨਜੀਤ ਫੌਜੀ ਅਤੇ ਸੁਖਚੈਨ ਸਿੰਘ ਆਦਿ ਆਗੂ ਵੀ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਅੰਤਰਰਾਜੀ ਬਾਰਡਰਾਂ ’ਤੇ ਗਿਆਰਾਂ ਮਹੀਨਿਆਂ ਤੋਂ ਜਾਰੀ ਧਰਨਿਆਂ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ 52 ਦਿਨਾਂ ਤੋਂ ਜਾਰੀ ਮਰਨ ਵਰਤ ਨੂੰ ਲੈ ਕੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਨਾ ਸਿਰਫ਼ ਕਿਸਾਨਾਂ ਤੇ ਮਜ਼ਦੂਰਾਂ ਬਲਕਿ ਦੇਸ਼ ਦੇ ਹੋਰਨਾਂ ਵਰਗਾਂ ’ਚ ਭਾਰੀ ਰੋਸ ਹੈ।

Spread the love