ਬਠਿੰਡਾ ਦੇ ਤਲਵੰਡੀ ਸਾਬੋ ਨੇੜਲੇ ਪਿੰਡ ਜੀਵਨ ਸਿੰਘ ਵਾਲਾ ਵਿੱਚ ਪਾਲਤੂ ਕੁੱਤੇ ਕਾਰਨ ਹੋਏ ਝਗੜੇ ਕਾਰਨ ਦੇਰ ਰਾਤ ਕੁੱਝ ਨੌਜਵਾਨਾਂ ਨੇ ਢਾਣੀ ’ਚ ਨੌਜਵਾਨ ਅਤੇ ਉਸ ਦੇ ਪਿਤਾ ਦੀ ਹੱਤਿਆ ਕਰ ਦਿੱਤੀ। ਹਮਲੇ ਵਿੱਚ ਨੌਜਵਾਨ ਦੀ ਮਾਂ ਵੀ ਜ਼ਖ਼ਮੀ ਹੋ ਗਈ। ਤਲਵੰਡੀ ਸਾਬੋ ਪੁਲੀਸ ਨੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਜੀਵਨ ਸਿੰਘ ਵਾਲਾ ਦਾ ਨੌਜਵਾਨ ਅਮਰੀਕ ਸਿੰਘ (35) ਪਿਛਲੇ ਦਿਨੀਂ ਕਤੂਰਾ ਲਿਆਇਆ ਸੀ ਅਤੇ ਪਿੰਡ ਦੇ ਕੁੱਝ ਨੌਜਵਾਨ ਕਤੂਰਾ ਉਨ੍ਹਾਂ ਨੂੰ ਦੇਣ ਲਈ ਦਬਾਅ ਪਾ ਰਹੇ ਸਨ। ਪਰਿਵਾਰ ਮੁਤਾਬਕ ਇਸੇ ਵਿਚਾਲੇ ਪਿੰਡ ਦੇ ਸੱਤ-ਅੱਠ ਨੌਜਵਾਨ ਬੀਤੀ ਰਾਤ 9 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਗਾਲਾਂ ਕੱਢੀਆਂ। ਅਮਰੀਕ ਸਿੰਘ ਨੇ ਜਦੋਂ ਘਰ ਤੋਂ ਬਾਹਰ ਨਿਕਲ ਕੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨੂੰ ਘੜੀਸ ਕੇ ਖੇਤ ਵੱਲ ਲੈ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਅਮਰੀਕ ਸਿੰਘ ਦਾ ਪਿਤਾ ਮੰਦਰ ਸਿੰਘ ਬਾਹਰ ਆਇਆ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਦੋਵਾਂ ਨੂੰ ਬਚਾਉਂਦਿਆਂ ਅਮਰੀਕ ਸਿੰਘ ਦੀ ਮਾਂ ਦਰਸ਼ਨ ਕੌਰ ਵੀ ਜ਼ਖ਼ਮੀ ਹੋ ਗਈ। ਅਮਰੀਕ ਸਿੰਘ ਨੂੰ ਇਲਾਜ ਲਈ ਬਠਿੰਡਾ ਅਤੇ ਮੰਦਰ ਸਿੰਘ ਨੂੰ ਲੁਧਿਆਣੇ ਲਿਜਾਂਦੇ ਸਮੇਂ ਰਸਤੇ ਵਿੱਚ ਦੋਵਾਂ ਦੀ ਮੌਤ ਹੋ ਗਈ। ਦਰਸ਼ਨ ਕੌਰ ਬਠਿੰਡਾ ਹਸਪਤਾਲ ’ਚ ਜ਼ੇਰੇ ਇਲਾਜ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਸਥਾਨਕ ਥਾਣਾ ਮੁਖੀ ਸਰਬਜੀਤ ਕੌਰ ਮੌਕੇ ’ਤੇ ਪੁੱਜੇ। ਸਵੇਰੇ ਤਲਵੰਡੀ ਸਾਬੋ ਦੇ ਡੀਐੱਸਪੀ ਇਸ਼ਾਨ ਸਿੰਗਲਾ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਠਿੰਡਾ ਦੇ ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਐੱਸਪੀ ਅਜੈ ਗਾਂਧੀ ਅਤੇ ਡੀਐੱਸਪੀ ਇਸ਼ਾਨ ਸਿੰਗਲਾ ਦੀ ਅਗਵਾਈ ਹੇਠ ਗਠਿਤ ਕੀਤੀ ਪੁਲੀਸ ਟੀਮ ਨੇ ਜ਼ਖ਼ਮੀ ਦਰਸ਼ਨ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਅਣਪਛਾਤਿਆਂ ਸਮੇਤ ਛੇ-ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।