ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਚ ਪੜ੍ਹਨ ਲਈ ਦੁੱਗਣੇ ਪੈਸਿਆਂ ਦੀ ਲੋੜ ਹੋਵੇਗੀ

ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਚ ਪੜ੍ਹਨ ਲਈ ਦੁੱਗਣੇ ਪੈਸਿਆਂ ਦੀ ਲੋੜ ਹੋਵੇਗੀ

ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 20 ਘੰਟੇ ਪ੍ਰਤੀ ਹਫ਼ਤੇ ਕੰਮ ਦੀ ਸੀਮਾ ‘ਤੇ ਲੱਗੀ ਛੋਟ 30 ਅਪ੍ਰੈਲ 2024 ਤੱਕ ਵਧੀ

ਔਟਵਾ , ਉਨਟਾਰੀਓ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੱਜ ਐਲਾਨ ਕੀਤਾ ਹੈ ਕਿ 1 ਜਨਵਰੀ, 2024 ਤੋਂ, ਅੰਤਰਰਾਸ਼ਟਰੀ ਵਿਦਿਆਰਥੀ ਲਈ ਵਿੱਤੀ ਲੋੜ, ਯਾਨੀ ਰਹਿਣ-ਸਹਿਣ ਲਈ ਚਾਹੀਦੀ ਨਿਰਧਾਰਿਤ ਰਕਮ, ਨੂੰ ਵਧਾਇਆ ਜਾ ਰਿਹੈ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਆਪਣੇ ਨਵੇਂ ਸ਼ੁਰੂ ਹੋਣ ਵਾਲੇ ਜੀਵਨ ਲਈ ਵਿੱਤੀ ਤੌਰ ‘ਤੇ ਤਿਆਰ ਹੋ ਸਕਣ।

ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਹਿਣ-ਸਹਿਣ ਦੀ ਲਾਗਤ ਲਈ ਨਿਰਧਾਰਿਤ ਰਕਮ 2000 ਦੇ ਦਹਾਕੇ ਦੇ ਸ਼ੁਰੂ ਤੋਂ ਬਾਅਦ ਨਹੀਂ ਬਦਲੀ ਹੈ। ਉਦੋਂ ਇਹ ਇਕਹਿਰੇ ਬਿਨੈਕਾਰ ਲਈ ਇਹ ਰਕਮ $10,000 ਨਿਰਧਾਰਤ ਕੀਤੀ ਗਈ ਸੀ।ਪਰ ਹੁਣ ਇਹ ਮੌਜੂਦਾ ਸਮੇਂ ਦੀ ਹਕੀਕਤ ਨਾਲ ਮੇਲ ਨਹੀਂ ਖਾਂਦੀ ਜਿਸ ਦੇ ਨਤੀਜੇ ਵਜੋਂ ਵਿਦਿਆਰਥੀ ਕੈਨੇਡਾ ਪਹੁੰਚਣ ‘ਤੇ ਇਸ ਗੱਲ ਨਾਲ ਜਾਣੂ ਹੁੰਦੇ ਹਨ ਕਿ ਉਹਨਾਂ ਦੇ ਫੰਡ ਕਾਫ਼ੀ ਨਹੀਂ ਹਨ। 2024 ਲਈ, ਇੱਕ ਸਿੰਗਲ ਬਿਨੈਕਾਰ ਨੂੰ $20,635 ਦਿਖਾਉਣ ਦੀ ਲੋੜ ਹੋਵੇਗੀ । ਇਹ ਤਬਦੀਲੀ 1 ਜਨਵਰੀ, 2024 ਨੂੰ ਜਾਂ ਇਸ ਤੋਂ ਬਾਅਦ ਪ੍ਰਾਪਤ ਹੋਈਆਂ ਨਵੀਆਂ ਸਟੱਡੀ ਪਰਮਿਟ ਅਰਜ਼ੀਆਂ ‘ਤੇ ਲਾਗੂ ਹੋਵੇਗੀ।

ਭਵਿੱਖ ਵਿਚ ਵੀ ਸਟੈਟਿਸਟਿਕਸ ਕੈਨੇਡਾ ਵੱਲੋਂ ਘੱਟ-ਆਮਦਨੀ ਕੱਟ-ਆਫ (LICO) ਨੂੰ ਅਪਡੇਟ ਕਰਨ ਮਗਰੋਂ ਇਸ ਪੈਮਾਨੇ ਨੂੰ ਹਰ ਸਾਲ ਐਡਜਸਟ ਕੀਤਾ ਜਾਵੇਗਾ। LICO ਉਸ ਘੱਟੋ ਘੱਟ ਆਮਦਨ ਨੂੰ ਦਰਸਾਉਂਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਲੋੜਾਂ ‘ਤੇ ਆਮਦਨ ਦੇ ਔਸਤ ਹਿੱਸੇ ਤੋਂ ਵੱਧ ਨਾ ਖ਼ਰਚਣਾ ਪਵੇ।

ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਰਿਲੀਜ਼ ਅਨੁਸਾਰ ਇਹ ਯਕੀਨੀ ਬਣਾਉਣ ਲਈ ਕਿ ਮਾਨਤਾ ਪ੍ਰਾਪਤ ਵਿਦਿਅਕ ਅਦਾਰੇ (DLIs) ਅਕਾਦਮਿਕ ਅਨੁਭਵ ਦੇ ਹਿੱਸੇ ਵਜੋਂ ਢੁਕਵੀਂ ਅਤੇ ਲੋੜੀਂਦੀ ਵਿਦਿਆਰਥੀ ਸਹਾਇਤਾ ਪ੍ਰਦਾਨ ਕਰਨ ਦੇ ਸਮਰੱਥ ਹੋਣ, ਇਮੀਗ੍ਰੇਸ਼ਨ ਵਿਭਾਗ ਸਤੰਬਰ 2024 ਸਮੈਸਟਰ ਤੋਂ ਵੀਜ਼ਾ ਨੂੰ ਸੀਮਤ ਕਰਨ ਸਮੇਤ ਕਈ ਲੋੜੀਂਦੇ ਉਪਾਅ ਕਰਨ ਲਈ ਤਿਆਰ ਹੈ।

ਇਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਲਾਸ ਦੇ ਸੈਸ਼ਨ ਦੌਰਾਨ ਔਫ਼-ਕੈਂਪਸ ਕੰਮ ਕਰਨ ਦੇ ਘੰਟਿਆਂ ਦੀ ਗਿਣਤੀ ‘ਤੇ 20-ਘੰਟੇ-ਪ੍ਰਤੀ-ਹਫ਼ਤੇ ਦੀ ਸੀਮਾ ‘ਤੇ ਛੋਟ ਨੂੰ 30 ਅਪ੍ਰੈਲ, 2024 ਤੱਕ ਵਧਾਇਆ ਜਾ ਰਿਹਾ ਹੈ।

ਕੈਨੇਡਾ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀ, ਅਤੇ ਉਹ ਬਿਨੈਕਾਰ ਜੋ 7 ਦਸੰਬਰ, 2023 ਤੱਕ ਸਟੱਡੀ ਪਰਮਿਟ ਲਈ ਪਹਿਲਾਂ ਹੀ ਬਿਨੈ-ਪੱਤਰ ਜਮ੍ਹਾ ਕਰ ਚੁੱਕੇ ਹਨ, ਉਕਤ ਸਮੇਂ ਤੱਕ ਔਫ਼-ਕੈਂਪਸ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਕੰਮ ਕਰਨ ਦੇ ਯੋਗ ਹੋਣਗੇ।

Spread the love