ਫਿਰੋਜ਼ਪੁਰ ‘ਚ ਬੀਤੇ ਦਿਨ ਅੰਜਾਮ ਦਿੱਤੀ ਗਈ ਤੀਹਰੇ ਕਤਲ ਕਾਂਡ ਦੀ ਖੌਫਨਾਕ ਵਾਰਦਾਤ ਵਿੱਚ ਪੁਲਿਸ ਨੇ ਅਸ਼ੀਸ਼ ਚੋਪੜਾ ਨਾਮ ਦੇ ਗੈਂਗਸਟਰ ਸਮੇਤ 11 ਲੋਕਾਂ ਦੇ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ ਹੈ,ਪਰ ਅਜੇ ਤੱਕ ਸਾਰੇ ਕਾਤਲ ਪੁਲਿਸ ਦੀ ਪਹੁੰਚ ਤੋਂ ਦੂਰ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਮੰਗਲਵਾਰ ਦੇਰ ਰਾਤ ਤੱਕ ਜ਼ਿਲ੍ਹਾ ਪੁਲਿਸ ਮੁਖੀ ਸੋਮਿਆ ਮਿਸ਼ਰਾ ਕੰਬੋਜ ਨਗਰ ਦੀਆਂ ਗਲੀਆਂ ਵਿੱਚ ਜਾਂਚ ਕਰਦੇ ਨਜ਼ਰ ਆਏ ਸਨ । ਬੀਤੇ ਦਿਨ ਅੰਜ਼ਾਮ ਦਿੱਤੀ ਗਈ ਤੀਹਰੇ ਕਤਲ ਕਾਂਡ ਦੀ ਵਾਰਦਾਤ ਮਗਰੋਂ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 8 ਬਾਏ ਨੇਮ ਵਿਅਕਤੀਆਂ ਅਤੇ 3 ਅਣਪਛਾਤੇ ਆਦਮੀਆਂ ਖਿਲਾਫ 103, 109, 351 (2), 191 (3), 190, 61 (2) ਬੀਐੱਨਐੱਸ 25 (6) (7) 54, 59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਚਰਨਜੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਕੰਬੋਜ ਨਗਰ ਨੇੜੇ ਗੈਸ ਏਜੰਸੀ ਗੁਰਦੁਆਰਾ ਅਕਾਗੜ੍ਹ ਨੇ ਦੱਸਿਆ ਕਿ ਮਿਤੀ 3 ਸਤੰਬਰ 2024 ਨੂੰ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਮੱਥਾ ਟੇਕਣ ਲਈ ਆਈ ਸੀ ਤੇ ਕਰੀਬ 12 ਵਜੇ ਦੁਪਹਿਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਾਹਰ ਗੇਟ ’ਤੇ ਖੜੀ ਆਪਣੇ ਬੱਚਿਆਂ ਦੀ ਉਡੀਕ ਕਰ ਰਹੀ ਸੀ ਤਾਂ ਉਸ ਦਾ ਲੜਕਾ ਦਿਲਦੀਪ ਸਿੰਘ, ਭਤੀਜਾ ਅਨਮੋਲਪ੍ਰੀਤ ਸਿੰਘ, ਭਤੀਜੀ ਜਸਪ੍ਰੀਤ ਕੌਰ, ਦੋਸਤ ਅਕਾਸ਼ਦੀਪ, ਹਰਪ੍ਰੀਤ ਉਰਫ ਜੋਟੀ ਕਾਰ ਵਿਚ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਪਾਸ ਆ ਰਹੇ ਸਨ ਤਾਂ ਮੇਨ ਰੋਡ ਵੱਲੋਂ ਤਿੰਨ ਮੋਟਰਸਾਈਕਲ ਜਿਨ੍ਹਾਂ ਉਪਰ ਤਿੰਨ ਤਿੰਨ ਲੜਕੇ ਸਵਾਰ ਸਨ ਅਤੇ ਜਿਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਪਿਸਟਲ ਫੜੇ ਹੋਏ ਸਨ ਨੇ ਮੋਟਰਸਾਈਕਲਾਂ ਤੋਂ ਉਤਰ ਕੇ ਉਨ੍ਹਾਂ ਦੀ ਕਾਰ ਨੂੰ ਘੇਰਾ ਪਾ ਲਿਆ ਅਤੇ ਸਾਰਿਆਂ ਨੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜੋ ਫਾਇਰਿੰਗ ਕਰਦੇ ਸਮੇਂ ਮੌਕੇ ਤੋਂ ਭੱਜ ਗਏ ਜਿਸ ਤੇ ਮੌਕੇ ’ਤੇ ਹੀ ਉਸ ਦੀ ਭਤੀਜੀ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।