ਪੰਜਾਬ ਵਿੱਚ ਧੁੰਦ ਤੇ ਠੰਢੀਆਂ ਹਵਾਵਾਂ ਜਾਰੀ

ਪੰਜਾਬ ਤੇ ਹਰਿਆਣਾ ਸਣੇ ਪੂਰੇ ਉੱਤਰ ਭਾਰਤ ਵਿੱਚ ਸਾਲ 2023 ਦੇ ਆਖਰੀ ਦਿਨ ਵੀ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ। ਸੰਘਣੀ ਧੁੰਦ ਦੇ ਨਾਲ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਨੇ ਦਿਨ ਭਰ ਲੋਕਾਂ ਨੂੰ ਕੰਬਣੀ ਛੇੜੀ ਰੱਖੀ, ਜਿਸ ਕਰ ਕੇ ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਰਹੇ। ਸੰਘਣੀ ਧੁੰਦ ਪੈਣ ਕਰ ਕੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਸਣੇ ਹੋਰਨਾਂ ਥਾਵਾਂ ’ਤੇ ਵੀ ਦਿਸਣ ਹੱਦ ਘੱਟ ਗਈ ਹੈ, ਜਿਸ ਕਰ ਕੇ ਹਵਾਈ, ਰੇਲ ਤੇ ਸੜਕੀ ਆਵਾਜਾਈ ’ਤੇ ਕਾਫੀ ਅਸਰ ਪਿਆ ਹੈ। ਸੰਘਣੀ ਧੁੰਦ ਕਰ ਕੇ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਦਰਜਨ ਦੇ ਕਰੀਬ ਉਡਾਣਾਂ ਰੱਦ ਹੋ ਗਈਆਂ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਇੱਥੋਂ 16 ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਉੱਧਰ ਦਿਨ ਵੇਲੇ ਠੰਢੀਆਂ ਹਵਾਵਾਂ ਚੱਲਣ ਕਰ ਕੇ ਸੂਬੇ ਭਰ ਵਿੱਚ ਦਿਨ ਦੇ ਤਾਪਮਾਨ ਵਿੱਚ 7 ਡਿਗਰੀ ਸੈਲਸੀਅਸ ਤੱਕ ਦਾ ਨਿਘਾਰ ਦਰਜ ਕੀਤਾ ਗਿਆ ਹੈ।

Spread the love