ਅੱਤਿਵਾਦੀ ਹਮਲੇ ’ਚ ਭਾਰਤੀ ਫ਼ੌਜ ਦੇ ਚਾਰ ਜਵਾਨ ਸ਼ਹੀਦ

ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅੱਤਿਵਾਦੀਆਂ ਨੇ ਭਾਰਤੀ ਫੌਜ ਦੇ ਦੋ ਵਾਹਨਾਂ ’ਤੇ ਘਾਤ ਲਗਾ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਘੱਟੋ-ਘੱਟ ਚਾਰ ਫ਼ੌਜੀ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜੀਆਂ ਨੂੰ ਇੱਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਵਾਲੀ ਜਗ੍ਹਾ ’ਤੇ ਲਿਜਾ ਰਹੇ ਵਾਹਨਾਂ ਉੱਤੇ ਸੂਰਨਕੋਟ ਥਾਣਾ ਅਧੀਨ ਪੈਂਦੇ ਢੇਰਾ ਕੀ ਗਲੀ ਅਤੇ ਬੁਫਲਿਆਜ਼ ਦਰਮਿਆਨ ਮੋੜ ’ਤੇ ਸ਼ਾਮ ਕਰੀਬ ਪੌਣੇ ਚਾਰ ਵਜੇ ਹਮਲਾ ਕੀਤਾ ਗਿਆ। ਰੱਖਿਆ ਬੁਲਾਰੇ ਨੇ ਦੱਸਿਆ ਕਿ ਅੱਤਿਵਾਦੀਆਂ ਦੀ ਮੌਜੂਦਗੀ ਬਾਰੇ ‘ਪੁਖ਼ਤਾ ਖੁਫ਼ੀਆ ਜਾਣਕਾਰੀ’ ਦੇ ਆਧਾਰ ’ਤੇ ਪੁਣਛ ਜ਼ਿਲ੍ਹੇ ਦੇ ਢੇਰਾ ਕੀ ਗਲੀ ਇਲਾਕੇ ਵਿੱਚ ਬੁੱਧਵਾਰ ਰਾਤ ਇੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਇੱਥੇ ਅੱਤਿਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਵਾਧੂ ਬਲ ਮੁਕਾਬਲੇ ਵਾਲੀ ਜਗ੍ਹਾ ਵੱਲ ਜਾ ਰਹੇ ਸਨ ਕਿ ਅਤਿਵਾਦੀਆਂ ਨੇ ਦੋ ਵਾਹਨਾਂ ਜਿਨ੍ਹਾਂ ਵਿੱਚ ਇੱਕ ਟਰੱਕ ਅਤੇ ਇੱਕ ਜਿਪਸੀ ਸ਼ਾਮਲ ਸੀ, ’ਤੇ ਗੋਲੀਬਾਰੀ ਕੀਤੀ, ਜਿਸ ਦੌਰਾਨ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ।

Spread the love