ਮੰਗਲਵਾਰ ਤੋਂ ਜਗਜੀਤ ਸਿੰਘ ਡੱਲੇਵਾਲ ਵਲੋਂ ਮਰਨ ਵਰਤ ਸ਼ੁਰੂ ਕੀਤਾ ਜਾ ਰਿਹਾ

ਖਨੌਰੀ ਬਾਰਡਰ ਉੱਪਰ 26 ਨਵੰਬਰ ਦਿਨ ਮੰਗਲਵਾਰ ਤੋਂ ਜਗਜੀਤ ਸਿੰਘ ਡੱਲੇਵਾਲ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦਸਿਆ ਕਿ ਦੇਸ਼ ਦੇ ਹਾਕਮਾ ਵਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਦਿੱਲੀ ਕਿਸਾਨ ਅੰਦੋਲਨ ਦੌਰਾਨ 750 ਤੋਂ ਉੱਪਰ ਕਿਸਾਨਾਂ ਦੀ ਸ਼ਹਾਦਤ ਲਈ ਗਈ ਸੀ, ਜਿਸ ਉਪਰੰਤ 13 ਫ਼ਰਵਰੀ ਤੋਂ ਚੱਲ ਰਹੇ ਕਿਸਾਨ ਅੰਦੋਲਨ-2 ਦੌਰਾਨ ਵੀ 33 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ 13 ਫ਼ਰਵਰੀ 2024 ਤੋਂ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਖਨੌਰੀ, ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਅਪਣੀਆ ਹੱਕੀਂ ਮੰਗਾਂ ਐੱਮ.ਐੱਸ.ਪੀ. ਦਾ ਗਰੰਟੀ ਕਾਨੂੰਨ, ਕਿਸਾਨਾਂ-ਮਜ਼ਦੂਰਾਂ ਦੀ ਕੁੱਲ ਕਰਜ਼ਾ ਮੁਕਤੀ, ਸਵਾਮੀਨਾਥਨ ਕਮਿਸ਼ਨ ਦੇ 3²+50 ਫ਼ਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ, 2013 ਦਾ ਭੂਮੀ ਅਧਿਗ੍ਰਹਿਣ ਕਾਨੂੰਨ ਲਾਗੂ ਕਰਨ, ਮਨਰੇਗਾ ਮਜਦੂਰਾਂ ਨੂੰ ਸਾਲ ਵਿਚ 200 ਦਿਨ ਰੁਜ਼ਗਾਰ ਦੇਣ ਅਤੇ ਮਨਰੇਗਾ ਨੂੰ ਖੇਤੀ ਨਾਲ ਜੋੜਨ, ਮਸਾਲੇ ਕਮਿਸ਼ਨ ਦੇ ਗਠਨ ਸਮੇਤ ਹੋਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੰਦੋਲਨ ਲੜਿਆ ਜਾ ਰਿਹਾ ਹੈ।ਕਿਸਾਨ ਆਗੂਆਂ ਨੇ ਅੱਗੇ ਦਸਿਆ ਕਿ ਪਿਛਲੇ ਦਿਨੀਂ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ (ਭਾਰਤ) ਦੀ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਦੇਸ਼ ਦੇ ਕਈ ਸੂਬਿਆਂ ’ਚ ਮਰਨ ਵਰਤ ਦੇ ਸਮਰਥਨ ’ਚ 26 ਨਵੰਬਰ ਤੋਂ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾਣਗੇ।

Spread the love