ਅਰਸ਼ ਡੱਲਾ ਅਦਾਲਤ ਵਿੱਚ ਕੀਤਾ ਪੇਸ਼

ਹਾਲਟਨ ਵਿੱਚ ਵਿਰੋਧੀ ਗਰੋਹ ਦੀ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਨੌਜਵਾਨ ਦੀ ਪਛਾਣ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਵਜੋਂ ਹੈ, ਜਿਸ ਵਿਰੁੱਧ ਪੰਜਾਬ (ਭਾਰਤ) ਵਿੱਚ ਕਤਲਾਂ ਤੇ ਫਿਰੌਤੀਆਂ ਦੇ ਕਈ ਕੇਸ ਦਰਜ ਹਨ ਅਤੇ ਉਸ ਦੇ ਸਿਰ ’ਤੇ ਇਨਾਮ ਰੱਖੇ ਹੋਏ ਹਨ। ਗੋਲੀਬਾਰੀ ਦੌਰਾਨ ਜਿਸ ਕਾਰ ਵਿੱਚ ਡੱਲਾ ਤੇ ਉਸ ਦਾ ਦੋਸਤ ਗੁਰਜੰਟ ਸਿੰਘ ਗਿੱਲ ਸਵਾਰ ਸਨ, ਉਸ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ ਅਤੇ ਉਸ ’ਚੋਂ ਕਈ ਮਾਰੂ ਹਥਿਆਰ ਤੇ ਕਾਫੀ ਅਸਲਾ ਮਿਲਿਆ ਸੀ। ਪੁਲੀਸ ਨੇ ਉਸ ਖ਼ਿਲਾਫ਼ 11 ਦੋਸ਼ ਆਇਦ ਕੀਤੇ ਹਨ। ਜ਼ਖ਼ਮੀ ਹੋਣ ਕਰ ਕੇ ਉਸ ਨੂੰ ਤੁਰੰਤ ਅਦਾਲਤ ਵਿੱਚ ਪੇਸ਼ ਨਹੀਂ ਸੀ ਕੀਤਾ ਜਾ ਸਕਿਆ। ਹਾਲੇ ਇਹ ਜਾਣਕਾਰੀ ਨਹੀਂ ਮਿਲੀ ਕਿ ਜੱਜ ਨੇ ਉਸ ਨੂੰ ਜ਼ਮਾਨਤ ਦਿੱਤੀ ਜਾਂ ਹਿਰਾਸਤ ਵਿੱਚ ਰੱਖਣ ਲਈ ਕਿਹਾ ਹੈ। ਪੁਲੀਸ ਨੇ ਹਾਲੇ ਇਹ ਜਾਣਕਾਰੀ ਵੀ ਨਹੀਂ ਦਿੱਤੀ ਹੈ ਕਿ ਗੋਲੀਕਾਂਡ ਦੇ ਪੀੜਤ ਦੋਵੇਂ ਜਣਿਆਂ ਦੇ ਹਮਲਾਵਰਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾ ਰਹੀ ਹੈ। ਸਮਝਿਆ ਜਾਂਦਾ ਹੈ ਕਿ ਇਨ੍ਹਾਂ ’ਤੇ ਹਮਲਾ ਬਿਸ਼ਨੋਈ ਗਰੋਹ ਨਾਲ ਸਬੰਧਤ ਵਿਅਕਤੀਆਂ ਵੱਲੋਂ ਕੀਤਾ ਗਿਆ। ਭਾਰਤ ਦੀਆਂ ਏਜੰਸੀਆਂ ਵੱਲੋਂ ਡੱਲਾ ਦੀ ਹਵਾਲਗੀ ਬਾਰੇ ਚਾਰਾਜੋਈ ਸ਼ੁਰੂ ਕਰਨ ਸਬੰਧੀ ਕੁਝ ਸਪੱਸ਼ਟ ਨਹੀਂ ਹੈ। ਏਜੰਸੀਆਂ ਨੇ ਨਿੱਝਰ ਦੇ ਕਤਲ ਤੋਂ ਬਾਅਦ ਉਸ ਨੂੰ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਐਲਾਨਿਆ ਹੋਇਆ ਹੈ ਅਤੇ ਉਸ ਨੂੰ ਸ਼ਰਨ ਦੇਣ ਲਈ ਕੈਨੇਡਾ ਸਰਕਾਰ ਨੂੰ ਕੋਸਿਆ ਜਾਂਦਾ ਰਿਹਾ ਹੈ। ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਕੀਤੇ ਗਏ ਹਮਲੇ ਵਿੱਚ ਉਸ ਦੇ ਤਿੰਨ ਗੋਲੀਆਂ ਲੱਗੀਆਂ ਸਨ। ਇਨ੍ਹਾਂ ’ਚੋਂ ਇਕ ਗੋਲੀ ਪੱਟ ਵਿੱਚ ਲੱਗੀ ਹੋਣ ਕਰ ਕੇ ਉਹ ਭੱਜਣ ਤੋਂ ਅਸਮਰੱਥ ਹੋ ਕੇ ਪੁਲੀਸ ਦੇ ਹੱਥ ਲੱਗ ਗਿਆ ਸੀ। ਚੋਰੀ ਦੀ ਲਗਜ਼ਰੀ ਕਾਰ ਜਿਸ ਵਿੱਚ ਉਹ ਹਮਲੇ ਵੇਲੇ ਸਵਾਰ ਸੀ, ਵਿੱਚ ਵੀ ਦਰਜਨ ਤੋਂ ਵੱਧ ਗੋਲੀਆਂ ਲੱਗੀਆਂ। ਹਾਲਟਨ ਪੁਲੀਸ ਨੇ ਉਸ ਦਿਨ ਇਹ ਪੁਸ਼ਟੀ ਨਹੀਂ ਸੀ ਕੀਤੀ ਕਿ ਉਹ ਉਹੀ ਅਰਸ਼ ਡੱਲਾ ਹੈ ਜਿਸ ਦੀ ਭਾਰਤੀ ਪੁਲੀਸ ਭਾਲ ਕਰ ਰਹੀ ਹੈ। ਇਹ ਪੁਸ਼ਟੀ ਅੱਜ ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ਾਂ ਤੋਂ ਹੋਈ।

Spread the love