ਗਾਜ਼ਾ ’ਚ ਚਾਰ ਦਿਨਾਂ ਦੀ ਜੰਗਬੰਦੀ ਅਤੇ ਬੰਦੀਆਂ ਦੀ ਰਿਹਾਈ ਦਾ ਅਮਲ ਬੀਤੇ ਕੱਲ੍ਹ ਤੋਂ ਸ਼ੁਰੂ ਨਾ ਹੋ ਸਕਿਆ,ਆਖਰੀ ਪਲਾਂ ’ਤੇ ਅੜਿੱਕਾ ਪੈਣ ਕਾਰਨ ਇਹ ਸੰਭਵ ਨਾ ਹੋ ਸਕਿਆ। ਇਜ਼ਰਾਈਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਸ਼ੁੱਕਰਵਾਰ ਨੂੰ ਹਮਾਸ ਅਤੇ ਇਜ਼ਰਾਈਲ ਵੱਲੋਂ ਬੰਦੀਆਂ ਦੀ ਅਦਲਾ-ਬਦਲੀ ਕੀਤੀ ਜਾਵੇਗੀ। ਜੰਗਬੰਦੀ ਦੇ ਸਮਝੌਤੇ ਨਾਲ ਗਾਜ਼ਾ ’ਚ 23 ਲੱਖ ਫਲਸਤੀਨੀਆਂ ਨੂੰ ਕੁਝ ਰਾਹਤ ਦਿਖਾਈ ਦੇ ਰਹੀ ਹੈ। ਇਜ਼ਰਾਈਲ ਦੇ ਕੌਮੀ ਸੁਰੱਖਿਆ ਸਲਾਹਕਾਰ ਜ਼ਾਚੀ ਹਾਨੇਗਬੀ ਨੇ ਬੁੱਧਵਾਰ ਦੇਰ ਰਾਤ ਫ਼ੈਸਲਾ ਲਾਗੂ ਹੋਣ ’ਚ ਦੇਰੀ ਦਾ ਐਲਾਨ ਕੀਤਾ ਪਰ ਇਸ ਦਾ ਕਾਰਨ ਨਹੀਂ ਦੱਸਿਆ। ਹਮਾਸ ਨਾਲ ਵਿਚੋਲਗੀ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਤਰ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਜਿਦ ਅਲ-ਅੰਸਾਰੀ ਮੁਤਾਬਕ ਜੰਗਬੰਦੀ ਅਤੇ ਬੰਧਕਾਂ ਤੇ ਕੈਦੀਆਂ ਦੀ ਅਦਲਾ-ਬਦਲੀ ਲਈ ਢੁੱਕਵੇਂ ਹਾਲਾਤ ਬਣਾਉਣ ਵਾਸਤੇ ਵਾਰਤਾਕਾਰ ਕੰਮ ਕਰ ਰਹੇ ਹਨ।
ਹਮਾਸ ਸ਼ਾਸਿਤ ਗਾਜ਼ਾ ’ਚ ਸਿਹਤ ਮੰਤਰਾਲੇ ਨੇ ਕਿਹਾ ਕਿ ਨਵੇਂ ਸਿਰੇ ਤੋਂ ਕੀਤੀ ਗਈ ਜਾਂਚ ਦੌਰਾਨ ਜੰਗ ’ਚ ਮੌਤਾਂ ਦੀ ਗਿਣਤੀ ਵਧ ਕੇ 13,300 ਹੋ ਗਈ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ ਕਿਉਂਕਿ 6 ਹਜ਼ਾਰ ਹੋਰ ਲੋਕ ਲਾਪਤਾ ਹਨ ਅਤੇ ਉਨ੍ਹਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਸ਼ੱਕ ਹੈ। ਇਸ ਦੌਰਾਨ ਉੱਤਰੀ ਇਜ਼ਰਾਈਲ ’ਚ ਵੀਰਵਾਰ ਨੂੰ ਸਾਇਰਨ ਵਜਣ ਲੱਗ ਪਏ ਜਿਥੇ ਹਿਜ਼ਬੁੱਲਾ ਨੇ ਦਾਅਵਾ ਕੀਤਾ ਕਿ ਉਸ ਨੇ ਦੱਖਣੀ ਲਿਬਨਾਨ ਤੋਂ 48 ਕਟਯੂਸ਼ਾ ਰਾਕੇਟ ਦਾਗ਼ੇ ਹਨ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਹਮਲੇ ’ਚ ਪੰਜ ਹਿਜ਼ਬੁੱਲਾ ਲੜਾਕੇ ਮਾਰੇ ਗਏ ਸਨ ਜਿਨ੍ਹਾਂ ’ਚ ਜਥੇਬੰਦੀ ਦੇ ਸੰਸਦੀ ਬਲਾਕ ਦੇ ਮੁਖੀ ਦਾ ਪੁੱਤਰ ਵੀ ਸ਼ਾਮਲ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਹਿਦ ਲਿਆ ਹੈ ਕਿ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਮਗਰੋਂ ਜੰਗ ਮੁੜ ਜਾਰੀ ਰਹੇਗੀ।
