ਜਰਮਨੀ ਨੇ ਹਾਲ ਹੀ ਵਿੱਚ ਇੱਕ ਨਵੀਂ ਵਰਕ ਵੀਜ਼ਾ ਪਾਲਿਸੀ ‘ਚੈਨਕੇਨਕਾਰਤੇ’ ਦਾ ਐਲਾਨ ਕੀਤਾ ਹੈ। ਜਿਸ ਨੂੰ ‘ਓਪਰਚਿਊਨਿਟੀ ਕਾਰਡ’ ਵੀ ਕਿਹਾ ਜਾ ਰਿਹਾ ਹੈ। ਗ਼ੈਰ-ਯੂਰਪੀ ਨਾਗਰਿਕਾਂ ਨੂੰ ਜਰਮਨੀ ਵਿੱਚ ਪਰਵਾਸ ਕਰਨ ਦਾ ਇੱਕ ਨਵਾਂ ਮੌਕਾ ਪ੍ਰਦਾਨ ਕਰਦਾ ਹੈ। ਚੈਨਕੇਨਕਾਰਤੇ ਲਈ ਅਰਜ਼ੀਆਂ ਦੀ ਪ੍ਰੀਕਿਰਿਆ 1 ਜੂਨ ਨੂੰ ਸ਼ੁਰੂ ਹੋ ਜਾਵੇਗੀ। ਇਹ ਇੱਕ ਨਵੀਂ ਪੁਆਇੰਟ-ਆਧਾਰਿਤ ਪ੍ਰਣਾਲੀ ਹੈ ਜੋ ਬਿਨੈਕਾਰਾਂ ਨੂੰ ਖ਼ਾਸ ਮਾਪਦੰਡਾਂ ਦੇ ਆਧਾਰ ਉੱਤੇ ਪਰਵਾਸ ਦਾ ਮੌਕਾ ਦਿੰਦਾ ਹੈ। ਇਸ ਵਿੱਚ ਅਕਾਦਮਿਕ ਯੋਗਤਾਵਾਂ, ਭਾਸ਼ਾ ਦੀ ਮੁਹਾਰਤ ਅਤੇ ਪਿਛਲੇ ਪੇਸ਼ੇਵਰ ਅਨੁਭਵ ਦੇ ਆਧਾਰ ਉੱਤੇ ਪੁਆਇੰਟ ਗਿਣੇ ਜਾਣਗੇ।ਜਰਮਨੀ ਦੇ ਗ੍ਰਹਿ ਅਤੇ ਕਮਿਊਨਿਟੀ ਦੀ ਸੰਘੀ ਮੰਤਰੀ ਨੈਨਸੀ ਫਰੇਜ਼ਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ, ਇਸ ਅਵਸਰ ਕਾਰਡ ਜ਼ਰੀਏ ਲੋਕ ਆਪਣੇ ਲਈ ਯੋਗਤਾ ਦੇ ਆਧਾਰ ਉੱਤੇ ਢੁੱਕਵੀਂ ਨੌਕਰੀ ਲੱਭ ਸਕਣਗੇ।“ਜਿਨ੍ਹਾਂ ਨੂੰ ਅਵਸਰ ਕਾਰਡ ਦਿੱਤਾ ਗਿਆ ਹੈ, ਉਹ ਕੰਮ ਦੀ ਤਲਾਸ਼ ਕਰਦੇ ਹੋਏ ਇੱਕ ਸਾਲ ਤੱਕ ਜਰਮਨੀ ਵਿੱਚ ਰਹਿ ਸਕਦੇ ਹਨ।”“ਇਸ ਲਈ ਉਨ੍ਹਾਂ ਨੂੰ ਕਿਸੇ ਰੁਜ਼ਗਾਰਦਾਤਾ ਵੱਲੋਂ ਪਹਿਲਾਂ ਹੀ ਸਪਾਂਸਰਸ਼ਿਪ ਮੰਗਵਾਉਣ ਦੀ ਲੋੜ ਨਹੀਂ ਰਹੇਗੀ।”ਕਾਰਡ ਲੋਕਾਂ ਨੂੰ ਕਾਨੂੰਨੀ ਤੌਰ ‘ਤੇ ਪਾਰਟ-ਟਾਈਮ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਜਦੋਂ ਤੱਕ ਉਹ ਕਿਸੇ ਸਥਾਈ ਕੰਮ ਦੀ ਭਾਲ ਕਰ ਰਹੇ ਹੋਣ। ਇਸ ਬਦਲਾਅ ਦਾ ਮਕਸਦ ਦੇਸ਼ ਵਿੱਚ ਵੱਧ ਰਹੀ ਮਜ਼ਦੂਰਾਂ ਦੀ ਘਾਟ ਦੇ ਮਸਲੇ ਨੂੰ ਹੱਲ ਕਰਨਾ ਹੈ।ਇਸ ਜ਼ਰੀਏ ਸਿਹਤ, ਸਿੱਖਿਆ, ਨਿਰਮਾਣ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਵਿੱਚ ਪੇਸ਼ੇਵਰ ਕਰਮਚਾਰੀਆਂ ਦੀ ਗਿਣਤੀ ਵਧਾਉਣ ਵਿੱਚ ਮਦਦ ਕਰਨਾ ਹੈ। ਡਿਜ਼ੀਟਲ ਨੌਮੈਡ ਵੀਜ਼ਾ ਤੋਂ ਇਲਾਵਾ, ਨਵਾਂ ਕਾਰਡ ਗ਼ੈਰ-ਯੂਰਪੀ ਨਾਗਰਿਕਾਂ ਨੂੰ ਜਰਮਨ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੌਖਾ ਬਣਾਏਗਾ ਤੇ ਇਸ ਦੇ ਨਾਲ ਹੀ ਨੌਕਰੀ ਲੱਭਣ ਦੇ ਮੌਕੇ ਵੀ ਪ੍ਰਦਾਨ ਕਰੇਗਾ।