ਪੰਜਾਬ ’ਚ ਪੁਰਾਣੇ ਵਾਹਨਾਂ ’ਤੇ ਲੱਗੇਗਾ ‘ਗਰੀਨ ਟੈਕਸ’

ਚਰਨਜੀਤ ਭੁੱਲਰ
ਚੰਡੀਗੜ੍ਹ, 22 ਅਗਸਤ 2024

ਪੰਜਾਬ ਸਰਕਾਰ ਨੇ ਵਿੱਤੀ ਵਸੀਲੇ ਜੁਟਾਉਣ ਅਤੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਪੁਰਾਣੇ ਵਾਹਨਾਂ ’ਤੇ ‘ਗਰੀਨ ਟੈਕਸ’ ਲਾ ਦਿੱਤਾ ਹੈ। ਸਰਕਾਰ ਨੇ ਨਿੱਜੀ ਵਾਹਨਾਂ ’ਤੇ ਮੋਟਰ ਵਹੀਕਲ ਟੈਕਸ ’ਚ 0.5 ਫ਼ੀਸਦੀ ਤੋਂ 2 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ। ਪਤਾ ਲੱਗਾ ਹੈ ਕਿ ਕੇਂਦਰੀ ਹਦਾਇਤਾਂ ’ਤੇ ‘ਗਰੀਨ ਟੈਕਸ’ ਲਾਇਆ ਗਿਆ ਹੈ। ਟਰਾਂਸਪੋਰਟ ਵਿਭਾਗ ਨੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ‘ਗਰੀਨ ਟੈਕਸ’ ਪਹਿਲੀ ਸਤੰਬਰ ਤੋਂ ਲਾਗੂ ਹੋਵੇਗਾ। ਪੰਜਾਬ ਕੈਬਨਿਟ ਦੀ 14 ਅਗਸਤ ਦੀ ਬੈਠਕ ਵਿਚ ‘ਗਰੀਨ ਟੈਕਸ’ ਅਤੇ ਮੋਟਰ ਵਹੀਕਲ ਟੈਕਸ ਵਿਚ ਵਾਧੇ ਨੂੰ ਹਰੀ ਝੰਡੀ ਦਿੱਤੀ ਗਈ ਸੀ। ਸੂਬਾ ਸਰਕਾਰ ਨੂੰ ‘ਗਰੀਨ ਟੈਕਸ’ ਤੋਂ ਸਾਲਾਨਾ ਕਰੀਬ 35 ਕਰੋੜ ਦੀ ਆਮਦਨ ਹੋਣ ਦਾ ਅਨੁਮਾਨ ਹੈ। ਟਰਾਂਸਪੋਰਟ ਵਿਭਾਗ ਵੱਲੋਂ 15 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਅਤੇ ਅੱਠ ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਸਮੇਂ ‘ਗਰੀਨ ਟੈਕਸ’ ਵਸੂਲਿਆ ਜਾਵੇਗਾ। ਇਸ ਵੇਲੇ ਸੂਬੇ ਵਿਚ 15 ਸਾਲ ਪੁਰਾਣੇ ਕਰੀਬ 73 ਹਜ਼ਾਰ ਨਿੱਜੀ ਚਾਰ ਪਹੀਆ ਵਾਹਨ ਹਨ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਰੀਨਿਊ ਹੋਣ ਵਾਲੀ ਹੈ। ਇਹ ਰਜਿਸਟ੍ਰੇਸ਼ਨ ਪੰਜ ਸਾਲ ਲਈ ਰੀਨਿਊ ਕੀਤੀ ਜਾਂਦੀ ਹੈ ਅਤੇ ਪੰਜ ਸਾਲ ’ਚ ਇੱਕ ਵਾਰ ‘ਗਰੀਨ ਟੈਕਸ’ ਵਸੂਲ ਕੀਤਾ ਜਾਵੇਗਾ।
ਨੋਟੀਫ਼ਿਕੇਸ਼ਨ ਅਨੁਸਾਰ ਨਿੱਜੀ ਵਾਹਨ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਸਮੇਂ ਦੋ ਪਹੀਆ ਵਾਹਨ (ਪੈਟਰੋਲ) ਦੀ ਫ਼ੀਸ 500 ਰੁਪਏ ਅਤੇ ਡੀਜ਼ਲ ਵਾਹਨ ’ਤੇ ਇੱਕ ਹਜ਼ਾਰ ਰੁਪਏ ਗਰੀਨ ਟੈਕਸ ਲੱਗੇਗਾ। ਇਸੇ ਤਰ੍ਹਾਂ ਚਾਰ ਪਹੀਆ ਵਾਹਨ ’ਤੇ 1500 ਸੀਸੀ ਤੱਕ ਪੈਟਰੋਲ ਵਾਹਨ ’ਤੇ 3000 ਰੁਪਏ ਅਤੇ ਡੀਜ਼ਲ ਵਾਹਨ ’ਤੇ ਚਾਰ ਹਜ਼ਾਰ ਰੁਪਏ ਗਰੀਨ ਟੈਕਸ ਲੱਗੇਗਾ। 1500 ਸੀਸੀ ਤੋਂ ਉਪਰ ਵਾਲੇ ਚਾਰ ਪਹੀਆ ਵਾਹਨਾਂ ’ਤੇ ਚਾਰ ਹਜ਼ਾਰ ਰੁਪਏ ਪੈਟਰੋਲ ਵਾਹਨ ਅਤੇ ਛੇ ਹਜ਼ਾਰ ਰੁਪਏ ਡੀਜ਼ਲ ਵਾਲੇ ਵਾਹਨ ’ਤੇ ਗਰੀਨ ਟੈਕਸ ਲੱਗੇਗਾ। ਅੱਠ ਸਾਲ ਤੋਂ ਪੁਰਾਣੇ ਵਪਾਰਕ ਵਾਹਨਾਂ ਦੀ ਗੱਲ ਕਰੀਏ ਤਾਂ ਮੋਟਰ ਸਾਈਕਲ ’ਤੇ 250 ਰੁਪਏ ਸਾਲਾਨਾ, ਤਿੰਨ ਪਹੀਆ ਵਾਹਨ ’ਤੇ 300 ਰੁਪਏ ਸਾਲਾਨਾ, ਮੋਟਰ ਕੈਬ ’ਤੇ 500 ਰੁਪਏ ਸਾਲਾਨਾ, ਲਾਈਟ ਮੋਟਰ ਵਹੀਕਲ ’ਤੇ 1500 ਰੁਪਏ ਸਾਲਾਨਾ, ਮੀਡੀਅਮ ਮੋਟਰ ਵਾਹਨ ’ਤੇ 2000 ਰੁਪਏ ਸਾਲਾਨਾ ਅਤੇ ਹੈਵੀ ਮੋਟਰ ਵਹੀਕਲ ’ਤੇ 2500 ਰੁਪਏ ਸਾਲਾਨਾ ‘ਗਰੀਨ ਟੈਕਸ’ ਲਾਇਆ ਗਿਆ ਹੈ। ਜਿਹੜੇ ਵਾਹਨ ਐੱਲਪੀਜੀ, ਸੀਐੱਨਜੀ ਅਤੇ ਬੈਟਰੀ ਜਾਂ ਸੋਲਰ ਐਨਰਜੀ ’ਤੇ ਹਨ, ਉਨ੍ਹਾਂ ’ਤੇ ਗਰੀਨ ਟੈਕਸ ਨਹੀਂ ਲੱਗੇਗਾ। ਵੇਰਵਿਆਂ ਅਨੁਸਾਰ ਸੂਬੇ ਵਿਚ ਕਰੀਬ 14 ਹਜ਼ਾਰ ਭਾਰੀ ਵਪਾਰਕ ਵਾਹਨ ਹਨ ਅਤੇ 6500 ਦੇ ਕਰੀਬ ਮੀਡੀਅਮ ਮੋਟਰ ਵਾਹਨ ਹਨ। ਵੇਰਵਿਆਂ ਅਨੁਸਾਰ ਚਾਰ ਪਹੀਆ ਨਿੱਜੀ ਵਾਹਨਾਂ, ਜਿਨ੍ਹਾਂ ਦੀ ਕੀਮਤ 15 ਲੱਖ ਰੁਪਏ ਤੱਕ ਹੈ, ਦੀ ਅਸਲ ਕੀਮਤ ’ਤੇ 9.5 ਫ਼ੀਸਦੀ ਰੋਡ ਟੈਕਸ ਲੱਗੇਗਾ ਅਤੇ ਇਸੇ ਤਰ੍ਹਾਂ 15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ ਵਾਹਨਾਂ ’ਤੇ 12 ਫ਼ੀਸਦੀ ਟੈਕਸ ਲੱਗੇਗਾ ਜੋ ਕਿ ਪਹਿਲਾਂ 11 ਫ਼ੀਸਦੀ ਸੀ। ਟਰਾਂਸਪੋਰਟ ਵਿਭਾਗ ਨੇ ਹੁਣ ਪ੍ਰੀਮੀਅਮ ਵਾਹਨਾਂ ਦੀ ਨਵੀਂ ਕੈਟਾਗਰੀ ਤਿਆਰ ਕੀਤੀ ਹੈ ਜਿਸ ’ਚ 25 ਲੱਖ ਰੁਪਏ ਤੋਂ ਵੱਧ ਦੇ ਚਾਰ ਪਹੀਆ ਨਿੱਜੀ ਵਾਹਨ ’ਤੇ 13 ਫ਼ੀਸਦੀ ਟੈਕਸ ਲੱਗੇਗਾ। ਮਿਸਾਲ ਵਜੋਂ 30 ਲੱਖ ਦੀ ਕੀਮਤ ਵਾਲੇ ਵਾਹਨ ’ਤੇ 60 ਹਜ਼ਾਰ ਰੁਪਏ ਵਾਧੂ ਟੈਕਸ ਦੇਣਾ ਪਵੇਗਾ।

Spread the love