ਦਸ ਦਿਨ ਪਹਿਲਾਂ ਬਰਨਾਲਾ ਜਿਲ੍ਹੇ ਦੇ ਕਸਬਾ ਹੰਢਿਆਇਆ ਕੋਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟੋਹਾਣਾ ਜਾ ਰਹੀ ਕਿਸਾਨਾਂ ਨਾਲ ਭਰੀ ਬੱਸ ਨਾਲ ਵਾਪਰੇ ਹਾਦਸੇ ਦੌਰਾਨ ਜ਼ਖ਼ਮੀ ਹੋਏ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਲੰਘੀ ਰਾਤ ਕਰੀਬ ਡੇਢ ਵਜੇ ਸਥਾਨਕ ਏਮਜ਼ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ ਜਿਸ ਕਾਰਨ ਇਸ ਹਾਦਸੇ ’ਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਕਿਸਾਨ ਆਗੂ ਦੀ ਮੌਤ ਤੋਂ ਬਾਅਦ ਪਿੰਡ ਕੋਠਾ ਗੁਰੂ ਸਮੇਤ ਕਿਸਾਨ ਸਫਾਂ ’ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਣਯੋਗ ਹੈ ਕਿ 4 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਰਕਰਾਂ ਦੀ ਪਿੰਡ ਕੋਠਾ ਗੁਰੂ(ਬਠਿੰਡਾ) ਤੋਂ ਟੋਹਾਣਾ (ਹਰਿਆਣਾ) ਵਿਖੇ ‘ਕਿਸਾਨ ਮਹਾ ਪੰਚਾਇਤ’ ਵਿੱਚ ਸ਼ਾਮਲ ਹੋਣ ਜਾ ਰਹੀ ਸੀ। ਸੰਘਣੀ ਧੁੰਦ ਕਾਰਨ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਜਿਸ ਦੇ ਚੱਲਦਿਆਂ ਕੋਠਾ ਗੁਰੂ ਦੀਆਂ ਤਿੰਨ ਕਿਸਾਨ ਔਰਤਾਂ ਔਰਤਾਂ ਸਰਬਜੀਤ ਕੌਰ, ਜਸਵੀਰ ਕੌਰ ਅਤੇ ਬਲਵੀਰ ਕੌਰ ਦੀ ਮੌਤ ਹੋ ਗਈ ਸੀ।
