ਟੋਰਾਂਟੋ, ਪੀਟਰਬ੍ਰੋਅ ਅਤੇ ਸਡਬਰੀ ਵਿਖੇ ਕੈਨੇਡਾ ਵਿੱਚ ਸਿੱਖਾਂ ‘ਤੇ ਨਫ਼ਰਤੀ ਹਮਲੇ

ਕੈਨੇਡਾ ਵਿੱਚ ਤਿੰਨ ਸਿੱਖਾਂ ‘ਤੇ ਨਫ਼ਰਤੀ ਹਮਲੇ ਹੋਣ ਦੀ ਖ਼ਬਰ ਹੈ, ਜਿੱਥੇ ਹਮਲਾਵਰਾਂ ਨੇ ਉਨ੍ਹਾਂ ਦੀਆਂ ਦਸਤਾਰਾਂ ਲਾਹ ਕੇ ਕੁਟਮਾਰ ਕੀਤੀ ਅਤੇ ਇੱਕ ਮਾਮਲੇ ਵਿੱਚ ਗੱਡੀ ਹੇਠ ਲਿਆਉਣ ਦੀ ਕੋਸ਼ਿਸ਼ ਵੀ ਕੀਤੀ। ਪਹਿਲੀ ਘਟਨਾ ਟੋਰਾਂਟੋ ਦੇ ਸਕਾਰਬ੍ਰੋ ਇਲਾਕੇ ਵਿੱਚ ਵਾਪਰੀ, ਜਿੱਥੇ ਰੁਪਿੰਦਰ ਸਿੰਘ ਗੁਰਦੁਆਰੇ ਤੋਂ ਘਰ ਵਾਪਸ ਆਉਂਦਾ ਸੀ। ਉਸਦੀ ਦਸਤਾਰ ਨੂੰ ਹਮਲਾਵਰਾਂ ਨੇ ਲਾਹ ਕੇ, ਗੱਡੀ ਵਿੱਚ ਬੈਠ ਕੇ ਦੌੜ ਗਏ । ਦੂਜਾ ਮਾਮਲਾ ਪੀਟਰਬ੍ਰੋਅ ਵਿੱਚ ਵਾਪਰਿਆ, ਜਿੱਥੇ ਇੱਕ ਸਿੱਖ ਨੌਜਵਾਨ ਦੀ ਪੱਗ ਢਾਹੁਣ ਮਗਰੋਂ, ਉਸ ਦੇ ਸਿਰ ਤੇ ਸੋਡਾ ਕੈਨ ਨਾਲ ਵਾਰ ਕੀਤਾ ਗਿਆ। ਤੀਜਾ ਮਾਮਲਾ ਸਡਬਰੀ ਵਿੱਚ ਵਾਪਰਿਆ, ਜਿੱਥੇ ਇੱਕ ਸਿੱਖ ਵਿਅਕਤੀ ਨੂੰ ਪਿਕਅੱਪ ਟਰੱਕ ਹੇਠ ਕੁਚਲਣ ਦੀ ਕੋਸ਼ਿਸ਼ ਕੀਤੀ ਗਈ।ਰੁਪਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ। ਉਸ ਨੇ 911 ‘ਤੇ ਕਾਲ ਕੀਤੀ, ਪਰ ਪੁਲਿਸ ਹਾਲੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਇਨ੍ਹਾਂ ਹਮਲਿਆਂ ਕਾਰਨ ਸਿੱਖ ਭਾਈਚਾਰੇ ਵਿੱਚ ਡਰ ਹੈ ਅਤੇ ਵਰਲਡ ਸਿੱਖ ਆਰਗਨਾਈਜ਼ੇਸ਼ਨ (ਡਬਲਿਊ ਐਸ ਓ) ਨੇ ਇਸ ‘ਤੇ ਚਿੰਤਾ ਜਤਾਈ ਹੈ। ਡਬਲਿਊ ਐਸ ਓ ਦੇ ਮੁਖੀ ਦਾਨਿਸ਼ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਸਿੱਖਾਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ, ਅਤੇ ਇਸ ਦੇ ਨਤੀਜੇ ਵਜੋਂ ਅਜਿਹੇ ਹਮਲੇ ਵਧ ਸਕਦੇ ਹਨ।ਵਰਲਡ ਸਿੱਖ ਆਰਗਨਾਈਜ਼ੇਸ਼ਨ ਨੇ ਕੈਨੇਡਾ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ। ਇਸਦੇ ਨਾਲ ਹੀ, ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਨਫ਼ਰਤੀ ਜਾਂ ਵਿਤਕਰੇ ਵਾਲੀ ਘਟਨਾ ਦੀ ਸੂਚਨਾ ਮੌਜੂਦਾ ਅਧਿਕਾਰੀਆਂ ਨੂੰ ਦੇਣ।

Spread the love