ਪੰਜਾਬ ਦੇ ਦਰਜਨ ਤੋਂ ਵੱਧ ਜ਼ਿਲ੍ਹਿਆਂ ’ਚ ਭਰਵਾਂ ਮੀਂਹ, ਸੂਬੇ ਵਿੱਚ 6.7 ਡਿਗਰੀ ਤੱਕ ਪਾਰਾ ਡਿੱਗਿਆ

ਪੰਜਾਬ ਦੇ ਸਾਰੇ ਸ਼ਹਿਰਾਂ ’ਚ ਮੌਨਸੂਨ ਦੀ ਆਮਦ ਹੋ ਚੁੱਕੀ ਹੈ।  ਸੂਬੇ ਭਰ ਵਿੱਚ ਪੈ ਰਹੇ ਮੀਂਹ ਨੇ ਝੋਨਾ ਲਾਉਣ ਵਾਲੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕਾਂ ਲਿਆ ਦਿੱਤੀਆਂ ਹਨ। ਮੀਂਹ ਕਾਰਨ ਸੂਬੇ ਵਿੱਚ ਤਾਪਮਾਨ ਵੀ ਆਮ ਨਾਲੋਂ 6.5 ਡਿਗਰੀ ਸੈਲਸੀਅਸ ਤੱਕ ਥੱਲੇ ਡਿੱਗ ਗਿਆ ਹੈ। ਪਾਰਾ ਡਿੱਗਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਗਿਆਨੀਆਂ ਨੇ ਸੂਬੇ ਵਿੱਚ ਭਲਕੇ ਵੀ ਭਰਵੇਂ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਤਾਪਮਾਨ 37.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਬਾਕੀ ਸ਼ਹਿਰਾਂ ਵਿੱਚ ਤਾਪਮਾਨ 30 ਤੋਂ 35 ਡਿਗਰੀ ਸੈਲਸੀਅਮ ਦੇ ਵਿਚਕਾਰ ਰਿਹਾ।ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਸੂਬੇ ਦੇ ਇੱਕ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਕਈ ਸ਼ਹਿਰਾਂ ਵਿੱਚ ਨਿਕਾਸੀ ਦਾ ਪ੍ਰਬੰਧ ਨਾਲ ਹੋਣ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਸਵੇਰ ਵੇਲੇ ਪਏ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮ ’ਤੇ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਕਈ-ਕਈ ਫੁੱਟ ਤੱਕ ਪਾਣੀ ਖੜ੍ਹਾ ਹੋਣ ਕਾਰਨ ਗੱਡੀਆਂ ਅਤੇ ਸਕੂਟਰ ਪਾਣੀ ਵਿੱਚ ਬੰਦ ਹੋ ਗਏ। ਬਠਿੰਡਾ, ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਕਰਕੇ ਲੋਕ ਖੁਆਰ ਹੁੰਦੇ ਰਹੇ।ਦੂਜੇ ਪਾਸੇ ਝੋਨੇ ਅਤੇ ਬਾਸਮਤੀ ਦੀ ਲਵਾਈ ਜ਼ੋਰਾਂ ’ਤੇ ਹੋਣ ਕਾਰਨ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਇਸ ਸਮੇਂ ਪਿਆ ਮੀਂਹ ਝੋਨੇ ਦੀ ਲਵਾਈ ਸਣੇ ਹੋਰ ਫ਼ਸਲਾਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ। ਮੌਸਮ ਵਿਭਾਗ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿੱਚ 24 ਘੰਟਿਆਂ ਵਿੱਚ 18.8 ਐੱਮਐੱਮ, ਅੰਮ੍ਰਿਤਸਰ ਵਿੱਚ 22.6 ਐੱਮਐੱਮ, ਲੁਧਿਆਣਾ ਵਿੱਚ 13.8 ਐੱਮਐੱਮ, ਪਟਿਆਲਾ ਵਿੱਚ 60.4 ਐੱਮਐੱਮ, ਬਠਿੰਡਾ ਵਿੱਚ 2.2 ਐੱਮਐੱਮ, ਫਰੀਦਕੋਟ ਵਿੱਚ 37.8 ਐੱਮਐੱਮ, ਗੁਰਦਾਸਪੁਰ ਵਿੱਚ 37.6 ਐੱਮਐੱਮ, ਨਵਾਂ ਸ਼ਹਿਰ ਵਿੱਚ 4 ਐੱਮਐੱਮ, ਫਰੀਦਕੋਟ ਵਿੱਚ 34.5 ਐੱਮਐੱਮ, ਬਰਨਾਲਾ ਵਿੱਚ 8.5 ਐੱਮਐੱਮ, ਫਿਰੋਜ਼ਪੁਰ ਵਿੱਚ 10.5 ਐੱਮਐੱਮ, ਮੁਹਾਲੀ ਵਿੱਚ 8 ਐੱਮਐੱਮ, ਪਠਾਨਕੋਟ ਵਿੱਚ 52.5 ਐੱਮਐੱਮ, ਰੂਪਨਗਰ ਵਿੱਚ 11.5 ਐੱਮਐੱਮ ਮੀਂਹ ਪਿਆ ਹੈ।

Spread the love