ਹਿੰਡਨਬਰਗ ਰਿਸਰਚ, ਇੱਕ ਅਮਰੀਕੀ ਸ਼ਾਰਟ ਸੇਲਿੰਗ ਫਰਮ, ਜਿਸ ਨੇ ਜਨਵਰੀ 2023 ਵਿੱਚ ਅਡਾਨੀ ਸਮੂਹ ਦੇ ਖ਼ਿਲਾਫ਼ ਕਈ ਗੰਭੀਰ ਦੋਸ਼ ਲਗਾਏ ਸਨ, ਹੁਣ ਆਪਣਾ ਕਾਰੋਬਾਰ ਬੰਦ ਕਰ ਦਿਤਾ ਹੈ।ਕੰਪਨੀ ਦੇ ਸੰਸਥਾਪਕ ਨਾਥਨ ਐਂਡਰਸਨ ਨੇ ਖ਼ੁਦ ਕਿਹਾ ਹੈ ਕਿ ਉਨ੍ਹਾਂ ਨੇ ਕੰਪਨੀ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਐਂਡਰਸਨ ਨੇ ਇਹ ਐਲਾਨ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਕੀਤਾ। ਉਨ੍ਹਾਂ ਨੇ ਲਿਖਿਆ, ‘ਸਾਡੀ ਯੋਜਨਾ ਉਨ੍ਹਾਂ ਵਿਚਾਰਾਂ ਨੂੰ ਪੂਰਾ ਕਰਨ ਤੋਂ ਬਾਅਦ ਕੰਪਨੀ ਨੂੰ ਬੰਦ ਕਰਨ ਦੀ ਸੀ ਜਿਨ੍ਹਾਂ ‘ਤੇ ਅਸੀਂ ਕੰਮ ਕਰ ਰਹੇ ਸੀ ਅਤੇ ਅੱਜ ਉਹ ਦਿਨ ਆ ਗਿਆ ਹੈ।’ ਫਰਮ ਨੇ ਮੁੱਢਲੀ ਵਿੱਤੀ ਜਾਂਚ ਕੀਤੀ। ਇਸ ਦੀ ਸਥਾਪਨਾ ਸਾਲ 2017 ਵਿਚ ਕੀਤੀ ਗਈ ਸੀ। ਐਂਡਰਸਨ ਨੇ ਆਪਣੀ ਪੋਸਟ ਵਿਚ ਲਿਖਿਆ, “ਅਸੀਂ ਕੁਝ ਸਾਮਰਾਜਾਂ ਨੂੰ ਹਿਲਾ ਦਿਤਾ ਜਿਨ੍ਹਾਂ ਨੂੰ ਹਿਲਾਉਣ ਦੀ ਸਾਨੂੰ ਲੋੜ ਮਹਿਸੂਸ ਹੋਈ।”ਸਾਲ 2023 ਦੇ ਪਹਿਲੇ ਮਹੀਨੇ ਵਿਚ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਇਸ ਰਿਪੋਰਟ ਵਿਚ ਅਡਾਨੀ ਗਰੁੱਪ ਨਾਲ ਜੁੜੀਆਂ ਕੰਪਨੀਆਂ ਵਿਰੁਧ ਕਈ ਦੋਸ਼ ਲਗਾਏ ਗਏ ਸਨ। ਗੌਤਮ ਅਡਾਨੀ ਉਸ ਸਮੇਂ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਸਨ। ਇਸ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 80% ਡਿੱਗ ਗਏ ਸਨ। ਹਿੰਡਨਬਰਗ ਦੀ ਇਸ ਰਿਪੋਰਟ ਨੇ ਰਾਜਨੀਤਿਕ ਹਲਕਿਆਂ ਵਿੱਚ ਕਾਫ਼ੀ ਗਰਮੀ ਵੀ ਪੈਦਾ ਕਰ ਦਿਤੀ।
