ਡੱਲ ਝੀਲ ’ਤੇ ਹਾਊਸਬੋਟਾਂ ’ਚ ਅੱਗ ਲੱਗੀ: ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ

ਜੰਮੂ ਕਸ਼ਮੀਰ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਡੱਲ ਝੀਲ ’ਤੇ ਅੱਜ ਸਵੇਰੇ ਹਾਊਸਬੋਟ ਵਿੱਚ ਅੱਗ ਲੱਗਣ ਮਗਰੋਂ ਮਲਬੇ ਹੇਠੋਂ ਤਿੰਨ ਵਿਦੇਸ਼ੀ ਸੈਲਾਨੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇੇਰੇ ਘਾਟ ਨੰਬਰ ਨੌਂ ਤੋਂ ਤਿੰਨ ਵਿਦੇਸ਼ੀ ਸੈਲਾਨੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਲਈ ਡੀਐੱਨਏ ਸੈਂਪਲ ਲਏ ਗਏ ਹਨ। ਹਾਊਸਬੋਟ ਤੋਂ ਪ੍ਰਾਪਤ ਰਿਕਾਰਡ ਅਨੁਸਾਰ ਸੈਲਾਨੀ ਬੰਗਲਾਦੇਸ਼ ਨਾਲ ਸਬੰਧਿਤ ਹਨ ਅਤੇ ਇਨ੍ਹਾਂ ਵਿੱਚ ਇੱਕ ਮਹਿਲਾ ਸ਼ਾਮਲ ਹੈੈ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਨੂੰ ਸੌਂਪਣ ਤੋਂ ਪਹਿਲਾਂ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਡੀਐੱਨਏ ਨਮੂਨਿਆਂ ਰਾਹੀਂ ਪਛਾਣ ਕੀਤੀ ਜਾਵੇਗੀ। ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਅੱਗ ਸਵੇਰੇ ਕਰੀਬ 5:15 ਵਜੇ ਡੱਲ ਝੀਲ ਦੇ ਘਾਟ ਨੰਬਰ-9 ਨੇੜੇ ਲੱਗੀ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਘੱੱਟੋ-ਘੱਟ ਸੱਤ ਹਾਊਸਬੋਟ ਅਤੇ ਇੰਨੀਆਂ ਹੀ ਝੌਪੜੀਆਂ ਸੜ ਗਈਆਂ। ਹਾਲਾਂਕਿ ਅਜੇ ਤੱਕ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਹੈ। ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਐਜਾਜ਼ ਅਤੇ ਸੈਰ-ਸਪਾਟਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਦਿਆਂ ਨੁਕਸਾਨ ਦੀ ਭਰਪਾਈ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਕਸ਼ਮੀਰ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ (ਕੇਸੀਸੀਆਈ) ਨੇ ਵੀ ਹਾਦਸੇ ’ਤੇ ਦੁੱਖ ਜ਼ਾਹਿਰ ਕੀਤਾ ਹੈ। ਕੇਸੀਸੀਆਈ ਪ੍ਰਧਾਨ ਜਾਵੇਦ ਅਹਿਮਦ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਤੋਂ ਪੀੜਤਾਂ ਦੇ ਮੁੜ ਵਸੇਬੇ ਲਈ ਮੁਆਵਜ਼ੇ ਦੀ ਮੰਗ ਕੀਤੀ।

Spread the love