ਗੁਜਰਾਤ ’ਚ ‘ਫਰਜ਼ੀ ਜੱਜ’ ਕਿਵੇਂ 9 ਸਾਲਾਂ ਤੱਕ ਚਲਾਉਂਦਾ ਰਿਹਾ ‘ਫਰਜ਼ੀ ਅਦਾਲਤ’,ਕਰਦਾ ਸੀ ਫੈਸਲੇ

ਗਾਂਧੀਨਗਰ ਸ਼ਹਿਰ ਵਿੱਚ ਸਾਹਮਣੇ ਆਈ ਹੈ, ਜਿੱਥੇ ਇੱਕ ਫਰਜ਼ੀ ਅਦਾਲਤ ਵਿੱਚ ਵਿਚੋਲਗੀ ਦੇ ਫ਼ੈਸਲੇ ਸੁਣਾਉਣ ਦੇ ਇਲਜ਼ਾਮ ਵਿੱਚ ਇੱਕ ਫਰਜ਼ੀ ਜੱਜ ਨੂੰ ਅਹਿਮਾਦਬਾਦ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।ਗੌਰਤਲਬ ਹੈ ਕਿ ਜਦੋਂ ਪੁਲਿਸ ਨੇ ਮੰਗਲਵਾਰ 22 ਅਕਤੂਬਰ ਨੂੰ ਫਰਜ਼ੀ ਜੱਜ ਮੌਰਿਸ ਸੈਮੁਅਲ ਕ੍ਰਿਸਚੀਅਨ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਦਾਅਵਾ ਕੀਤਾ ਕਿ ਉਹ ਵਿਚੋਲਗੀ ਵਾਲੇ ਫ਼ੈਸਲੇ ਕਰਵਾਉਣ ਵਾਲਾ ਜੱਜ ਹੈ।ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਦੇ ਇੱਕ ਭੀੜ-ਭਾੜ ਵਾਲੇ ਇਲਾਕੇ ਵਿੱਚ ਇੱਕ ਸ਼ੌਪਿੰਗ ਸੈਂਟਰ ਹੈ।ਤੰਗ ਪੌੜੀਆਂ ਉੱਤੇ ਸਵੇਰ ਤੋਂ ਬੈਠੇ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ।ਅਰਦਲੀ ਦੀ ਵਰਦੀ ਵਿੱਚ ਖੜ੍ਹਾ ਇੱਕ ਆਦਮੀ ਹਾਕ ਲਗਾਉਂਦਾ ਹੈ ਤੇ ਲੋਕ ਆਪਣੇ ਵਕੀਲਾਂ ਨਾਲ ਅੰਦਰ ਆਉਂਦੇ ਹਨ।ਜੱਜ ਦੀ ਸੀਟ ’ਤੇ ਬੈਠਾ ਇੱਕ ਵਿਅਕਤੀ ਦਲੀਲਾਂ ਸੁਣਦਾ ਹੈ ਅਤੇ ਫ਼ੈਸਲੇ ਸੁਣਾਉਂਦਾ ਹੈ।ਆਮ ਅਦਾਲਤ ਵਿੱਚ ਇੱਕ ਤਰ੍ਹਾਂ ਆਮ ਕਾਰੋਬਾਰ ਚੱਲਦਾ ਹੈ ਪਰ ਸ਼ਾਮ ਵੇਲੇ ਸਭ ਕੁਝ ਬਦਲ ਜਾਂਦਾ ਹੈ। ਜਦੋਂ ਸ਼ਾਮ ਨੂੰ ਅਦਾਲਤ ਦਾ ਕੰਮ ਖਤਮ ਹੁੰਦਾ ਤਾਂ ਜੱਜ ਗਾਹਕ ਦੇ ਹੱਕ ਵਿੱਚ ਫ਼ੈਸਲਾ ਸੁਣਾਉਣ ਲਈ ਪੈਸਿਆਂ ਦੀ ਮੰਗ ਕਰਦਾ ਹੈ। ਜੇ ਗਾਹਕ ਨਾਲ ਡੀਲ ਪੂਰੀ ਹੋ ਜਾਵੇ ਤਾਂ ਉਸ ਦੇ ਹੱਕ ਵਿੱਚ ਫ਼ੈਸਲਾ ਸੁਣਾ ਦਿੱਤਾ ਜਾਂਦਾ ਹੈ।ਫਰਜ਼ੀ ਅਦਾਲਤ ਚਲਾਉਣ ਵਾਲੇ ਮੌਰਿਸ ਕ੍ਰਿਸਚੀਅਨ ਪਿਛਲੇ ਨੌਂ ਸਾਲਾਂ ਤੋਂ ਇਹ ਅਦਾਲਤ ਚਲਾ ਰਹੇ ਸਨ।ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਮੌਰਿਸ ਨੇ ਵਕਾਲਤ ਵਿੱਚ ਪੀਐੱਚਡੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪਛਾਣ ਇੱਕ ਕਾਰਜਕਰਤਾ ਵਜੋਂ ਬਣਾਈ ਹੋਈ ਸੀ। ਅਹਿਮਦਾਬਾਦ, ਵਡੋਦਰਾ ਅਤੇ ਗਾਂਧੀਨਗਰ ਵਿੱਚ ਜ਼ਮੀਨੀ ਵਿਵਾਦਾਂ ਦੇ ਮਾਮਲੇ ’ਚ ਇੱਕ ਵਿਚੋਲੇ ਤੇ ਕੌਂਸਲਰ ਵਜੋਂ ਕੰਮ ਕੀਤਾ।ਅਹਿਮਦਾਬਾਦ ਜ਼ੋਨ-2 ਦੇ ਡੀਸੀਪੀ ਸ਼੍ਰੀਪਾਲ ਸ਼ੇਸ਼ਮਾ ਨੇ ਬੀਬੀਸੀ ਨੂੰ ਦੱਸਿਆ,“ਮੌਰਿਸ ਕ੍ਰਿਸਚੀਅਨ ਅਸਲ ਵਿੱਚ ਸਾਬਰਮਤੀ ਤੋਂ ਹਨ। ਕੁਝ ਸਾਲ ਪਹਿਲਾਂ ਮੌਰਿਸ ਨੇ ਗਾਂਧੀਨਗਰ ਵਿੱਚ ਫਰਜ਼ੀ ਅਦਾਲਤ ਲਾਉਣੀ ਸ਼ੁਰੂ ਕੀਤੀ ਅਤੇ ਇੱਕ ਪੁਲਿਸ ਸ਼ਿਕਾਇਤ ਹੋਣ ’ਤੇ ਉਸ ਨੇ ਆਪਣੀ ਅਦਾਲਤ ਦੀ ਥਾਂ ਬਦਲ ਦਿੱਤੀ। ਫਿਲਹਾਲ ਵਿੱਚ ਉਹ ਗਾਂਧੀਨਗਰ ਦੇ ਸੈਕਟਰ-24 ਵਿੱਚ ਫਰਜ਼ੀ ਅਦਾਲਤ ਚਲਾਉਂਦੇ ਸਨ।”ਪੁਲਿਸ ਮੁਤਾਬਕ ਮੌਰਿਸ ਨੇ ਸਿਟੀ ਸਿਵਲ ਕੋਰਟ ਵਿੱਚ ਮੰਨਿਆ ਹੈ ਕਿ ਉਸ ਨੇ ਗਾਂਧੀਨਗਰ, ਅਹਿਮਦਾਬਾਦ ਅਤੇ ਵਡੋਦਰਾ ਵਿੱਚ ਵਿਵਾਦਤ ਜ਼ਮੀਨੀ ਮਾਮਲਿਆਂ ‘ਚ ਪਿਛਲੇ ਇਕ ਸਾਲ ਦੌਰਾਨ 500 ਮਾਮਲਿਆਂ ਵਿੱਚ ਫੈਸਲੇ ਸੁਣਾਏ ਹਨ।
ਅਦਾਲਤ ਦੀ ਸੁਣਵਾਈ ਦੌਰਾਨ ਇਸ ਕੇਸ ਸਬੰਧੀ ਸਰਕਾਰੀ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ 2015 ਵਿੱਚ ਸਰਕਾਰ ਨੇ ਅਦਾਲਤ ਦਾ ਬੋਝ ਘੱਟ ਕਰਨ ਲਈ ਵਿਚੋਲਗੀ ਦੀ ਭੂਮਿਕਾ ਨਿਭਾਉਣ ਲਈ ਵਿਚੋਲਿਆਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ।ਇਸ ਦੇ ਇੱਕ ਹਿੱਸੇ ਵਜੋਂ ਦੋਵੇਂ ਦੀ ਪ੍ਰਵਾਨਗੀ ਨਾਲ ਕੇਸ ਦਾ ਨਿਪਟਾਰਾ ਕਰਨ ਲਈ ਇੱਕ ਵਿਚੋਲਾ ਅਤੇ ਇੱਕ ਵਕੀਲ ਨਿਯੁਕਤ ਕੀਤਾ ਗਿਆ ਸੀ।ਇਸ ਮੌਕੇ ਮੌਰਿਸ ਨੂੰ ਕਿਧਰੇ ਤੋਂ ਇੱਕ ਵਿਚੋਲੇ ਹੋਣ ਦਾ ਪ੍ਰਮਾਣ ਪੱਤਰ ਮਿਲਿਆ ਅਤੇ ਉਸ ਨੇ ਸਭ ਤੋਂ ਪਹਿਲਾਂ ਗਾਂਧੀਨਗਰ ਦੇ ਸੈਕਟਰ-21 ਵਿੱਚ ਆਪਣੀ ਫਰਜ਼ੀ ਅਦਾਲਤ ਸ਼ੁਰੂ ਕੀਤੀ।ਇਸ ਵਿੱਚ ਉਸ ਨੇ ਇੱਕ ਜੱਜ ਦੀ ਕੁਰਸੀ ਰੱਖੀ, ਦੋ ਟਾਈਪਿਸਟ ਰੱਖੇ, ਇੱਕ ਬੈਲੀਫ ਰੱਖਿਆ ਅਤੇ ਵਿਵਾਦਤ ਜ਼ਮੀਨਾਂ ਤੇ ਇਮਾਰਤਾਂ ਵਾਲਿਆਂ ਕੇਸਾਂ ਦੀ ਸੁਣਵਾਈ ਕਰਨੀ ਸ਼ੁਰੂ ਕਰ ਦਿੱਤੀ।“ਵਿਚੋਲੇ ਦਾ ਕੰਮ ਦੋਵੇਂ ਧਿਰਾਂ ਨੂੰ ਅਜਿਹੇ ਮਾਮਲਿਆਂ ਵਿੱਚ ਲਿਖਤੀ ਨਿਪਟਾਰੇ ਲਈ ਸਮਝਾਉਣਾ ਹੈ, ਜੋ ਸੁਲਝ ਸਕਦੇ ਹੋਣ। ਇਹ ਲਿਖਤੀ ਸਮਝੌਤਾ ਉਦੋਂ ਹੀ ਵੈਧ ਮੰਨਿਆ ਜਾਵੇਗਾ ਜਦੋਂ ਦੋਵੇਂ ਧਿਰਾਂ ਵਿਚੋਲੇ ਕੋਲੋਂ ਇਸ ਨੂੰ ਮਨਜ਼ੂਰ ਕਰਵਾ ਲੈਣ ਤੇ ਉਸ ’ਤੇ ਵਿਚੋਲੇ ਦੇ ਦਸਤਖ਼ਤ ਹੋਣ।” “ਵਿਚੋਲੇ ਕੋਲ ਅਦਾਲਤ ਵਾਂਗ ਆਦੇਸ਼ ਦੇਣ ਦੀ ਸ਼ਕਤੀ ਨਹੀਂ ਹੈ। ਵਿਚੋਲੇ ਦੁਆਰਾ ਕੀਤਾ ਗਿਆ ਨਿਪਟਾਰਾ ਉਦੋਂ ਜਾਇਜ਼ ਹੁੰਦਾ ਹੈ, ਜਦੋਂ ਅਦਾਲਤ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੀ ਨਿਯੁਕਤੀ ਹਾਈ ਕੋਰਟ ਦੇ ਸਲਾਹ-ਮਸ਼ਵਰੇ ਅਤੇ ਕਾਨੂੰਨ ਅਤੇ ਨਿਆਂ ਵਿਭਾਗ ਦੀ ਮਨਜ਼ੂਰੀ ਨਾਲ ਕੀਤੀ ਜਾਂਦੀ ਹੈ।”

Spread the love