ਬਿਜਲੀ ਕੱਟ ਕਾਰਨ ਫਸ ਗਈ ਰੇਲ ਗੱਡੀ ਤਾਂ ਕਿਵੇਂ ਪਹੁੰਚੇਗੀ ਅਗਲੇ ਸਟੇਸ਼ਨ ’ਤੇ

ਮੈਟਰੋ ਰੇਲਵੇ ਕੋਲਕਾਤਾ ਬੈਟਰੀ ਅਧਾਰਤ ਤਕਨਾਲੋਜੀ ਦੀ ਵਰਤੋਂ ਕਰਨ ਜਾ ਰਿਹਾ ਹੈ ਜੋ ਮੁਸਾਫ਼ਰਾਂ ਨਾਲ ਭਰੀ ਰੇਲ ਗੱਡੀ ਨੂੰ ਅਚਾਨਕ ਬਿਜਲੀ ਬੰਦ ਹੋਣ ਦੀ ਸੂਰਤ ’ਚ ਨੇੜਲੇ ਸਟੇਸ਼ਨ ਤਕ ਪਹੁੰਚਣ ’ਚ ਮਦਦ ਕਰੇਗੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਕਿਹਾ ਕਿ ਦੇਸ਼ ’ਚ ਪਹਿਲੀ ਵਾਰ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਕੋਲਕਾਤਾ ਨੂੰ ਉੱਤਰ ਤੋਂ ਦੱਖਣ ਨਾਲ ਜੋੜਨ ਵਾਲੇ ਦੱਖਣੇਸ਼ਵਰ-ਨਿਊ ਗਰੀਆ ਕੋਰੀਡੋਰ (ਬਲੂ ਲਾਈਨ) ’ਤੇ ਸਥਾਪਤ ਕੀਤੀ ਜਾ ਰਹੀ ਬੈਟਰੀ ਐਨਰਜੀ ਸਟੋਰੇਜ ਸਿਸਟਮ (ਬੀ.ਈ.ਐਸ.ਐਸ.) ਦੇ ਇਸ ਸਾਲ ਦੇ ਅੰਤ ਤਕ ਪੂਰਾ ਹੋਣ ਦੀ ਉਮੀਦ ਹੈ। ਮੈਟਰੋ ਦੇ ਇਕ ਬੁਲਾਰੇ ਨੇ ਕਿਹਾ ਕਿ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਊਰਜਾ ਦੀ ਖਪਤ ਵਿਚ ਸੁਧਾਰ ਕਰਨ ਲਈ ਇਹ ਸਹੂਲਤ ਦੇਸ਼ ਵਿਚ ਅਪਣੀ ਕਿਸਮ ਦੀ ਪਹਿਲੀ ਪਹਿਲ ਹੋਵੇਗੀ। ਭਾਰਤ ਦੀ ਸੱਭ ਤੋਂ ਪੁਰਾਣੀ ਮੈਟਰੋ ਸੇਵਾ ਬਲੂ ਲਾਈਨ ’ਤੇ ਨਵੀਂ ਤਕਨਾਲੋਜੀ ਨੂੰ ਇਨਵਰਟਰ ਅਤੇ ਐਡਵਾਂਸਡ ਕੈਮਿਸਟਰੀ ਸੈੱਲ (ਏ.ਸੀ.ਸੀ.) ਬੈਟਰੀਆਂ ਦੇ ਸੁਮੇਲ ਦੀ ਵਰਤੋਂ ਨਾਲ ਬਣਾਇਆ ਜਾਵੇਗਾ। ਏ.ਸੀ.ਸੀ. ਇਕ ਨਵੀਂ ਪੀੜ੍ਹੀ ਦੀ ਉੱਨਤ ਊਰਜਾ ਭੰਡਾਰਨ ਤਕਨਾਲੋਜੀ ਹੈ ਜੋ ਇਲੈਕਟ੍ਰੋਕੈਮੀਕਲ ਜਾਂ ਰਸਾਇਣਕ ਊਰਜਾ ਦੇ ਰੂਪ ’ਚ ਬਿਜਲੀ ਊਰਜਾ ਨੂੰ ਸਟੋਰ ਕਰ ਸਕਦੀ ਹੈ ਅਤੇ ਲੋੜ ਪੈਣ ’ਤੇ ਇਸ ਨੂੰ ਵਾਪਸ ਬਿਜਲੀ ਊਰਜਾ ’ਚ ਬਦਲ ਸਕਦੀ ਹੈ। ਕੇਂਦਰ ਸਰਕਾਰ ਨੇ ਸਾਲ 2021 ’ਚ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਬਜਟ ਖਰਚ ਨਾਲ ਨੈਸ਼ਨਲ ਐਡਵਾਂਸਡ ਕੈਮੀਕਲਜ਼ ਬੈਟਰੀ ਸਟੋਰੇਜ ਪ੍ਰੋਗਰਾਮ ਨੂੰ ਮਨਜ਼ੂਰੀ ਦਿਤੀ ਸੀ। ਇਸ ਦੀ ਵਰਤੋਂ ਸੱਭ ਤੋਂ ਪਹਿਲਾਂ ਕੋਲਕਾਤਾ ਮੈਟਰੋ ’ਚ ਕੀਤੀ ਜਾ ਰਹੀ ਹੈ।

Spread the love