ਅਫਰੀਕੀ ਦੇਸ਼ ਜ਼ਿੰਬਾਬਵੇ ਦੇ ਅਧਿਕਾਰੀਆਂ ਨੇ ਆਪਣੇ ਭੁੱਖੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਹਾਥੀਆਂ ਨੂੰ ਮਾਰਨ ਦਾ ਫ਼ੈਸਲਾ ਕੀਤਾ ਹੈ। ਜੰਗਲਾਤ ਅਧਿਕਾਰੀਆਂ ਨੇ 200 ਹਾਥੀਆਂ ਨੂੰ ਕਤਲ ਕਰਨ ਅਤੇ ਉਨ੍ਹਾਂ ਦਾ ਮਾਸ ਲੋਕਾਂ ਵਿੱਚ ਵੰਡਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਫ਼ੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ, ਜ਼ਿੰਬਾਬਵੇ ਪਾਰਕਸ ਅਤੇ ਜੰਗਲੀ ਜੀਵ ਅਥਾਰਟੀ ਦੇ ਬੁਲਾਰੇ ਤਿਨਾਸ਼ੇ ਫਰਾਵੋ ਨੇ ਸੀ.ਐਨ.ਐਨ ਨੂੰ ਦੱਸਿਆ ਕਿ ਦੇਸ਼ ਦੀ ਲਗਭਗ ਅੱਧੀ ਆਬਾਦੀ ਗੰਭੀਰ ਭੁੱਖਮਰੀ ਦੇ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਅਸੀਂ 200 ਹਾਥੀਆਂ ਨੂੰ ਮਾਰਨ ਦਾ ਫ਼ੈਸਲਾ ਕੀਤਾ ਹੈ।ਫਰਾਵੋ ਨੇ ਕਿਹਾ ਕਿ ਜ਼ਿੰਬਾਬਵੇ ਵਿੱਚ ਹਾਥੀਆਂ ਦੀ ਆਬਾਦੀ 84,000 ਤੋਂ ਵੱਧ ਹੈ। ਇਹ ਬੋਤਸਵਾਨਾ ਤੋਂ ਬਾਅਦ ਵਿਸ਼ਵ ਪੱਧਰ ‘ਤੇ ਦੂਜੀ ਸਭ ਤੋਂ ਉੱਚੀ ਸੰਖਿਆ ਹੈ। ਅਸੀਂ ਲੋਕਾਂ ਦੀ ਜਾਨ ਬਚਾਉਣ ਲਈ ਹਾਥੀਆਂ ਨੂੰ ਮਾਰ ਰਹੇ ਹਾਂ। ਚਾਰ ਦਹਾਕਿਆਂ ਵਿੱਚ ਦੇਸ਼ ਦੇ ਸਭ ਤੋਂ ਭਿਆਨਕ ਸੋਕੇ ਕਾਰਨ ਪੈਦਾ ਹੋਈ ਭੋਜਨ ਅਸੁਰੱਖਿਆ ਨਾਲ ਨਜਿੱਠਣ ਲਈ ਅਧਿਕਾਰੀਆਂ ਨੇ ਜੰਗਲੀ ਜੀਵਾਂ ਨੂੰ ਮਾਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਇਸਦੇ ਲਈ ਸਰਕਾਰ ਨੂੰ ਜਾਨਵਰਾਂ ਦੇ ਅਧਿਕਾਰਾਂ ਦੇ ਕਾਰਕੁਨਾਂ ਅਤੇ ਸੰਭਾਲਵਾਦੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।