Punjab : ਖੇਤੀ ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ਲੈਂਦੇ 9 ਹਜ਼ਾਰ ਰਸੂਖਵਾਨਾਂ ਦੀ ਪਛਾਣ

ਚਰਨਜੀਤ ਭੁੱਲਰ- ਚੰਡੀਗੜ੍ਹ, 9 ਸਤੰਬਰ 2024

ਪੰਜਾਬ ਸਰਕਾਰ ਹੁਣ ‘ਰਸੂਖਵਾਨ’ ਕਿਸਾਨਾਂ ਨੂੰ ਹੱਥ ਪਾਏਗੀ, ਜਿਨ੍ਹਾਂ ਦੀਆਂ ਖੇਤੀ ਮੋਟਰਾਂ 24 ਘੰਟੇ ਬਿਜਲੀ ਸਪਲਾਈ ’ਤੇ ਚੱਲ ਰਹੀਆਂ ਹਨ। ਵਰ੍ਹਿਆਂ ਤੋਂ ਇਨ੍ਹਾਂ ਰਸੂਖਵਾਨ ਕਿਸਾਨਾਂ ਨੂੰ ਮੌਜ ਲੱਗੀ ਹੋਈ ਹੈ ਜਦੋਂ ਕਿ ਪਾਵਰਕੌਮ ਲਈ ਇਹ ਘਾਟੇ ਦਾ ਸੌਦਾ ਹਨ। ਪੰਜਾਬ ’ਚ ਖੇਤੀ ਸੈਕਟਰ ਨੂੰ ਝੋਨੇ ਦੇ ਸੀਜ਼ਨ ਵਿਚ ਅੱਠ ਘੰਟੇ ਬਿਜਲੀ ਸਪਲਾਈ ਮਿਲਦੀ ਹੈ ਪਰ ‘ਰਸੂਖਵਾਨ’ ਕਿਸਾਨਾਂ ਨੂੰ ਦਿਨ ਰਾਤ ਬਿਜਲੀ ਮਿਲ ਰਹੀ ਹੈ। ਹੁਣ ਜਦੋਂ ਪਾਵਰਕੌਮ ਆਪਣੇ ਖ਼ਰਚਿਆਂ ਦੀ ਪੂਰਤੀ ਲਈ ਆਪਣਾ ਮਾਲੀਆ ਵਧਾਉਣ ਦੇ ਰਾਹ ਪਈ ਹੈ ਤਾਂ ਖੇਤੀ ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ’ਤੇ ਚਲਾਉਣ ਵਾਲੇ ਸਰਦੇ ਪੁੱਜਦੇ ਕਿਸਾਨਾਂ ਨੂੰ ਵੀ ਕਰੰਟ ਲੱਗੇਗਾ।

ਵੇਰਵਿਆਂ ਅਨੁਸਾਰ ਪਾਵਰਕੌਮ ਨੇ ਅਜਿਹੇ ਨੌਂ ਹਜ਼ਾਰ ਕਿਸਾਨਾਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਦੀਆਂ ਖੇਤੀ ਮੋਟਰਾਂ ਦਿਨ ਰਾਤ ਚੱਲਦੀਆਂ ਹਨ। ਪਾਵਰਕੌਮ ਤੱਕ ਪੁੱਜੀ ਜਾਣਕਾਰੀ ਅਨੁਸਾਰ ਇਹ ਕਿਸਾਨ ਮੋਟਰਾਂ ਦਾ ਪਾਣੀ ਅੱਗੇ ਕਿਸਾਨਾਂ ਨੂੰ ਵੇਚਦੇ ਵੀ ਹਨ। ਆਉਂਦੇ ਦਿਨਾਂ ਵਿਚ ਪਾਵਰਕੌਮ ਇਨ੍ਹਾਂ 24 ਘੰਟੇ ਬਿਜਲੀ ਸਪਲਾਈ ਲੈਣ ਵਾਲੀਆਂ ਖੇਤੀ ਮੋਟਰਾਂ ਖ਼ਿਲਾਫ਼ ਵੀ ਕਾਰਵਾਈ ਵਿੱਢੇਗਾ। ਪੰਜਾਬ ਸਰਕਾਰ ਨੇ ਪਾਵਰਕੌਮ ਨੂੰ ਇਸ ਵਾਸਤੇ ਹਰੀ ਝੰਡੀ ਦੇ ਦਿੱਤੀ ਹੈ ਅਤੇ ਜਲਦ ਇਨ੍ਹਾਂ ਰਸੂਖਵਾਨਾਂ ਤੱਕ ਅਧਿਕਾਰੀ ਪੁੱਜਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮੀਟਿੰਗ ’ਚ ਕਿਹਾ ਹੈ ਕਿ ਖੇਤੀ ਮੋਟਰਾਂ ਦੀ ਸਪਲਾਈ ਦੇ ਮਾਮਲੇ ਵਿਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ ਇਨ੍ਹਾਂ ਰਸੂਖਵਾਨ ਕਿਸਾਨਾਂ ਦੀਆਂ ਖੇਤੀ ਮੋਟਰਾਂ 24 ਘੰਟੇ ਬਿਜਲੀ ਸਪਲਾਈ ਵਾਲੇ ਫੀਡਰਾਂ ਨਾਲ ਜੁੜੀਆਂ ਹੋਈਆਂ ਹਨ। ਪਾਵਰਕੌਮ ਨੇ ਇਨ੍ਹਾਂ ਖੇਤੀ ਮੋਟਰਾਂ ਵੱਲੋਂ ਕਰੀਬ 100 ਕਰੋੜ ਦੀ ਬਿਜਲੀ ਚੋਰੀ ਕੀਤੇ ਜਾਣ ਦਾ ਅਨੁਮਾਨ ਲਾਇਆ ਹੈ। ਕਰੀਬ 13 ਸਾਲ ਪਹਿਲਾਂ ਜਦੋਂ ਪਾਵਰਕੌਮ ਨੇ ਖੇਤੀ ਫੀਡਰਾਂ ਨੂੰ ਅਲੱਗ ਕੀਤਾ ਸੀ ਤਾਂ ਇਨ੍ਹਾਂ ਉਪਰੋਕਤ ਰਸੂਖਵਾਨਾਂ ਨੇ ਆਪਣੀਆਂ ਖੇਤੀ ਮੋਟਰਾਂ ਨੂੰ ਖੇਤੀ ਫੀਡਰਾਂ ਨਾਲ ਜੋੜਨ ਨਹੀਂ ਦਿੱਤਾ ਸੀ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਤਾਂ ਪਾਵਰਕੌਮ ਦੇ ਅਧਿਕਾਰੀ ਵੀ ਬੇਵੱਸ ਹੋ ਗਏ ਸਨ। ਸੂਬੇ ਵਿਚ ਕਰੀਬ 12 ਹਜ਼ਾਰ ਫੀਡਰ ਹਨ ਜਿਨ੍ਹਾਂ ’ਚੋਂ 6600 ਖੇਤੀ ਫੀਡਰ ਹਨ। ਇਸੇ ਤਰ੍ਹਾਂ ਸੂਬੇ ਵਿਚ 14.50 ਲੱਖ ਖੇਤੀ ਕੁਨੈਕਸ਼ਨ ਹਨ ਜਿਨ੍ਹਾਂ ’ਚੋਂ 9 ਹਜ਼ਾਰ ਕਿਸਾਨ ਦਿਨ ਰਾਤ ਬਿਜਲੀ ਸਪਲਾਈ ਲੈ ਰਹੇ ਹਨ। ਜਿਵੇਂ ਬਿਜਲੀ ਚੋਰੀ ਵਿਚ ਤਰਨ ਤਾਰਨ ਜ਼ਿਲ੍ਹਾ ਸਿਖਰ ’ਤੇ ਹੈ, ਉਵੇਂ 24 ਘੰਟੇ ਬਿਜਲੀ ਸਪਲਾਈ ਲੈਣ ਵਾਲੀਆਂ ਖੇਤੀ ਮੋਟਰਾਂ ਵੀ ਇਸੇ ਜ਼ਿਲ੍ਹੇ ਵਿਚ ਹਨ। ਇਸ ਜ਼ਿਲ੍ਹੇ ਵਿਚ ਕਰੀਬ ਪੰਜ ਹਜ਼ਾਰ ਅਜਿਹੀਆਂ ਮੋਟਰਾਂ ਸ਼ਨਾਖ਼ਤ ਹੋਈਆਂ ਹਨ। ਹਲਕਾ ਪੱਟੀ ਇਸ ਮਾਮਲੇ ਵਿਚ ਅੱਗੇ ਹੈ। ਆਰਟੀਆਈ ਦੀ ਸੂਚਨਾ ਅਨੁਸਾਰ ਹਲਕਾ ਪੱਟੀ ਵਿਚ 300 ਦੇ ਕਰੀਬ ਕਿਸਾਨਾਂ ਨੂੰ ਖੇਤੀ ਮੋਟਰਾਂ ਦੀ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਪਾਵਰਕੌਮ ਦੇ ਅਧਿਕਾਰੀ ਨੇ 22 ਅਪਰੈਲ 2024 ਨੂੰ ਦੱਸਿਆ ਕਿ 24 ਘੰਟੇ ਸਪਲਾਈ ਲੈਣ ਵਾਲੇ ਖਪਤਕਾਰ ਅਤੇ ਕਿਸਾਨ ਯੂਨੀਅਨਾਂ ਵੱਲੋਂ ਕਾਰਵਾਈ ਕੀਤੇ ਜਾਣ ਤੋਂ ਰੋਕਿਆ ਜਾਂਦਾ ਹੈ। ਵੇਰਵਿਆਂ ਅਨੁਸਾਰ ਬਾਘਾ ਪੁਰਾਣਾ ਅਤੇ ਕਸਬਾ ਫੂਲ ਵਿਚ ਹਜ਼ਾਰਾਂ ਖੇਤੀ ਮੋਟਰਾਂ 24 ਘੰਟੇ ਸਪਲਾਈ ’ਤੇ ਹਨ। ਕੰਡੀ ਖੇਤਰ ਵੀ ਇਸੇ ਤਰ੍ਹਾਂ ਦੇ ਸੈਂਕੜੇ ਕੇਸ ਹਨ। ਹਲਕਾ ਪੱਟੀ ਦੇ ਬਲਰਾਜ ਸਿੰਘ ਸੰਧੂ ਨੇ ਵੀ ਇਸ ਬਾਰੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੋਈ ਹੈ।

ਵਸੀਲੇ ਜੁਟਾਉਣ ਲੱਗਾ ਪਾਵਰਕੌਮ

ਪਾਵਰਕੌਮ ਆਪਣੇ ਖ਼ਰਚਿਆਂ ਦੀ ਪੂਰਤੀ ਲਈ ਵਸੀਲੇ ਜੁਟਾਉਣ ਲੱਗਾ ਹੈ ਜਿਸ ਤਹਿਤ ਸਰਕਾਰੀ ਵਿਭਾਗਾਂ ਵੱਲ ਖੜ੍ਹੇ 3500 ਕਰੋੜ ਦੇ ਬਕਾਇਆ ਦੀ ਵਸੂਲੀ ਸ਼ੁਰੂ ਕੀਤੀ ਹੈ। ਇਸ ਕਰਕੇ ਲੰਘੇ ਇੱਕ ਹਫ਼ਤੇ ਵਿਚ ਵਿਭਾਗਾਂ ਤੋਂ 70 ਕਰੋੜ ਰੁਪਏ ਦੀ ਵਸੂਲੀ ਆਈ ਹੈ। ਪ੍ਰਾਈਵੇਟ ਖਪਤਕਾਰਾਂ ਵੱਲ 1800 ਕਰੋੜ ਦੇ ਬਕਾਏ ਖੜ੍ਹੇ ਹਨ ਜਿਨ੍ਹਾਂ ਨੂੰ ਵਸੂਲਿਆ ਜਾਣਾ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨੀਂ 7 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਮਿਲਦੀ ਢਾਈ ਰੁਪਏ ਪ੍ਰਤੀ ਯੂਨਿਟ ਵਾਲੀ ਸਬਸਿਡੀ ਵਾਪਸ ਲਈ ਗਈ ਹੈ।

Spread the love