ਯੂਨਾਨੀ ਤੱਟ ਰੱਖਿਅਕ ਬਲਾਂ ( ਕੋਸਟ ਗਾਰਡਜ਼) ਨੇ ਤਿੰਨ ਸਾਲਾਂ ਦੇ ਅਰਸੇ ਵਿੱਚ ਭੂ-ਮੱਧ ਸਾਗਰ ਵਿੱਚ ਦਰਜਨਾਂ ਪਰਵਾਸੀਆਂ ਦੀ ਜਾਨ ਲਈ ਹੈ, ਜਿਨ੍ਹਾਂ ਵਿੱਚ ਨੌਂ ਨੂੰ ਜਾਣਬੁੱਝ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ। ਰਿਪੋਰਟ ਅਨੁਸਾਰ ਇਹ ਨੌਂ ਲੋਕ ਉਨ੍ਹਾਂ 40 ਤੋਂ ਵੱਧ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੀ ਮੌਤ ਕਥਿਤ ਤੌਰ ’ਤੇ ਯੂਨਾਨ ਦੇ ਜਲ ਖੇਤਰ ਤੋਂ ਬਾਹਰ ਕੱਢਣ, ਜਾਂ ਯੂਨਾਨੀ ਟਾਪੂਆਂ ’ਤੇ ਪਹੁੰਚਣ ਤੋਂ ਬਾਅਦ ਸਮੁੰਦਰ ਵਿੱਚ ਵਾਪਸ ਲੈ ਜਾਣ ਦੇ ਨਤੀਜੇ ਵਜੋਂ ਹੋਈ ਸੀ।ਸਾਡੀ ਜਾਂਚ ਵਿੱਚ ਯੂਨਾਨੀ ਤੱਟ ਰੱਖਿਅਕਾਂ ਨੇ ਦੱਸਿਆ ਕਿ ਉਹ ਗੈਰ-ਕਾਨੂੰਨੀ ਗਤੀਵਿਧੀਆਂ ਦੇ ਸਾਰੇ ਇਲਜ਼ਾਮਾਂ ਨੂੰ ਰੱਦ ਕਰਦੇ ਹਨ।ਅਸੀਂ ਇੱਕ ਸਾਬਕਾ ਸੀਨੀਅਰ ਯੂਨਾਨੀ ਤੱਟ ਰੱਖਿਅਕ ਅਧਿਕਾਰੀ ਨੂੰ 12 ਲੋਕਾਂ ਨੂੰ ਯੂਨਾਨੀ ਤੱਟ ਰੱਖਿਅਕਾਂ ਦੀ ਕਿਸ਼ਤੀ ਵਿੱਚ ਚੜ੍ਹਾਉਣ ਅਤੇ ਫਿਰ ਉਨ੍ਹਾਂ ਨੂੰ ਇੱਕ ਛੋਟੀ ਕਿਸ਼ਤੀ ’ਤੇ ਛੱਡਣ ਦੀ ਫੁਟੇਜ ਦਿਖਾਈ।ਜਦੋਂ ਉਹ ਸਾਨੂੰ ਇੰਟਰਵਿਊ ਦੇ ਕੇ ਆਪਣੀ ਕੁਰਸੀ ਤੋਂ ਉੱਠੇ ਤਾਂ ਇਸ ਦੌਰਾਨ ਵੀ ਉਨ੍ਹਾਂ ਦਾ ਮਾਈਕ ਔਨ ਰਹਿ ਗਿਆ ਸੀ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ‘‘ਸਪੱਸ਼ਟ ਤੌਰ ‘ਤੇ ਗੈਰ ਕਾਨੂੰਨੀ’’ ਅਤੇ ‘‘ਅੰਤਰਰਾਸ਼ਟਰੀ ਅਪਰਾਧ’’ ਹੈ।ਯੂਨਾਨੀ ਸਰਕਾਰ ‘ਤੇ ਲੰਬੇ ਸਮੇਂ ਤੋਂ ਇਹ ਇਲਜ਼ਾਮ ਲਗਾਇਆ ਜਾਂਦਾ ਰਿਹਾ ਹੈ ਕਿ ਉਹ ਲੋਕਾਂ ਨੂੰ ਜ਼ਬਰਦਸਤੀ ਵਾਪਸ ਤੁਰਕੀ ਭੇਜ ਰਹੀ ਹੈ, ਜਿੱਥੋਂ ਉਹ ਸੀਮਾ ਪਾਰ ਕਰਕੇ ਆਏ ਹਨ, ਜੋ ਕਿ ਅੰਤਰਰਾਸ਼ਟਰੀ ਕਾਨੂੰਨ ਤਹਿਤ ਗੈਰ-ਕਾਨੂੰਨੀ ਹੈ।ਪਰ ਇਹ ਪਹਿਲੀ ਵਾਰ ਹੈ ਜਦੋਂ ਬੀਬੀਸੀ ਨੇ ਉਨ੍ਹਾਂ ਘਟਨਾਵਾਂ ਦੀ ਗਿਣਤੀ ਕੀਤੀ ਹੈ, ਜਿਨ੍ਹਾਂ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਯੂਨਾਨੀ ਤੱਟ ਰੱਖਿਅਕ ਬਲ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਮੌਤਾਂ ਹੋਈਆਂ ਹਨ।ਅਸੀਂ ਜਿਨ੍ਹਾਂ 15 ਘਟਨਾਵਾਂ ਦਾ ਵਿਸ਼ਲੇਸ਼ਣ ਕੀਤਾ, ਉਹ ਮਈ 2020-23 ਤੱਕ ਵਾਪਰੀਆਂ ਸਨ, ਉਨ੍ਹਾਂ ਵਿੱਚ 43 ਮੌਤਾਂ ਹੋਈਆਂ ਸਨ।ਇਨ੍ਹਾਂ ਦਾ ਸ਼ੁਰੂਆਤੀ ਸਰੋਤ ਮੁੱਖ ਤੌਰ ‘ਤੇ ਸਥਾਨਕ ਮੀਡੀਆ, ਗੈਰ-ਸਰਕਾਰੀ ਸੰਗਠਨ ਅਤੇ ਤੁਰਕੀ ਤੱਟ ਰੱਖਿਅਕ ਸਨ।