ਛੱਤਬੀੜ ਦੇ ਪਿੱਛੇ ਨਜਾਇਜ ਮਾਇਨਿੰਗ,ਸਰਕਾਰ ਤੇ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਪੰਜਾਬ ਦੇ ਸਰੋਤਾਂ ਦਾ ਉਜਾੜਾ: ਮਾਨਿਕ ਗੋਇਲ

ਮਾਇਨਿੰਗ ਮੰਤਰੀ ਦੀ ਚੁੱਪੀ ਬਹੁਤ ਕੁਝ ਕਹਿੰਦੀ ਹੈ, NGT ਨੂੰ ਵੀ ਕਰਾਂਗੇ ਸ਼ਿਕਾਇਤ: ਮਾਨਿਕ ਗੋਇਲ

ਪਿਛਲੇ ਦਿਨੀ RTI ਐਕਟੀਵਿਸਟ ਅਤੇ ਸਮਾਜ ਸੇਵੀ ਮਾਨਿਕ ਗੋਇਲ ਨੇ ਛੱਤਬੀੜ ਚਿੜੀਆ ਘਰ ਦੇ ਪਿਛਲੇ ਪਾਸੇ ‘ਬਨੂੰੜ ਕੈਨਲ ਡੈਮ” ਤੇ ਹੋ ਰਹੀ ਨਜਾਇਜ ਮਾਇਨਿੰਗ ਨੂੰ ਸਬੂਤਾਂ ਸਣੇ ਨਸ਼ਰ ਕੀਤਾ ਸੀ ਅਤੇ ਲੋਕਾਂ ਦੁਆਰਾ ਇਹ ਵੀ ਦੱਸਿਆ ਸੀ ਕਿ ਇਹ ਸੱਤਾਧਿਰ ਦੇ ਵਿਧਾਇਕ ‘ਤੇ ਦੋ ਪਟਿਆਲੇ ਨਾਲ ਸੰਬੰਧਿਤ ਆਪ ਵਿਧਾਇਕਾਂ ਦੁਆਰਾ ਕੀਤਾ ਜਾ ਰਿਹਾ ਹੈ।ਗੋਇਲ ਨੇ ਕਿਹਾ ਕਿ ” ਸ਼ਿਕਾਇਤ ਤੋਂ ਬਾਅਦ ਕੁਝ ਦਿਨ ਬਾਅਦ ਤੱਕ ਰਿਪੋਰਟ ਬਣਾਉਣ ਦੇ ਨਾਮ ਤੇ ਮਾਇਨਿੰਗ ਬੰਦ ਰਹੀ ਅਤੇ ਪ੍ਰਸ਼ਾਸ਼ਨ ਵੱਲੋਂ ਝੂਠ ਬੋਲਿਆ ਗਿਆ ਕਿ ਮਾਇਨਿੰਗ ਨਹੀਂ ਹੋ ਰਹੀ , ਇਹ ਠੇਕਾ ਸਿਰਫ ਦਰਿਆ ਦੀ ਸਫਾਈ ਦਾ ਹੈ ਅਤੇ DC ਮੁਹਾਲੀ ਵੱਲੋਂ ਕਈ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਇਸ ਸਾਇਟ ਦੀ ਨਿਗਰਾਨੀ ਰੱਖੀ ਜਾਵੇਗੀ।”

ਮਾਨਿਕ ਗੋਇਲ ਨੇ ਕਿਹਾ ਉਨ੍ਹਾਂ ਨੇ ਟੀਮ ਭੇਜਕੇ ਅੱਜ 11 ਫਰਵਰੀ 2025 ਸਵੇਰੇ 11 ਕੁ ਵਜੇ “ਬਨੂੰੜ ਕੈਨਲ ਡੈਮ” ਚੈੱਕ ਕਰਵਾਇਆ ਤਾਂ ਦਰਿਆ ਤੋਂ ਕਰੀਬ 100 ਮੀਟਰ ਦੂਰ ਸੁੱਕੇ ਥਾਂ ਤੇਂ ਕਈ ਪੋਕਲੇਨਾਂ ਚੱਲ ਰਹੀਆਂ ਸਨ ਅਤੇ ਦਰਜਨਾਂ ਟਿੱਪਰ ਭਰ ਰਹੀਆਂ ਸਨ। ਜਦੋਂ ਠੇਕਾ ਦਰਿਆ ਦੀ ਸਫਾਈ ਦਾ ਹੈ ਤਾਂ ਦਰਿਆ ਤੋਂ ਦੂਰ ਦਾ ਏਰੀਆ ਪੱਟ ਕੇ ਟਿੱਪਰਾਂ ਵਿੱਚ ਕਿਉ ਭਰੀ ਜਾ ਰਹੀ ਸੀ ? ਇਸੇ ਕਰਕੇ ਇਹ ਸਾਬਿਤ ਹੁੰਦਾ ਹੈ ਕਿ ਇਹ ਕੋਈ ਦਰਿਆ ਦੀ ਸਫਾਈ ਨਹੀਂ ਹੋ ਰਹੀ ਬਲਕਿ ਇਸਦੇ ਨਾਂ ਤੇ ਆਲੇ ਦੁਆਲੇ ਸੈਂਕੜੇ ਕਿੱਲਿਆਂ ਚੋਂ ਸੁੱਕੀ ਮਿੱਟੀ ਪੱਟੀ ਜਾ ਰਹੀ ਹੈ। “ਅਸੀਂ ਅੱਜ ਸ਼ਾਮ ਨੂੰ ਵੀ ਕਰੀਬ 4 ਵਜੇ ਨੂੰ ਆਪਣੀ ਟੀਮ ਭੇਜੀ , ਉਦੋਂ ਵੀ ਦਰਿਆ ਤੋਂ 100 ਮੀਟਰ ਦੂਰ ਸ਼ਤਾਬਗੜ੍ਹ ਵਾਲੇ ਪਾਸੇ ਧੜਾ ਧੜ ਮਿੱਟੀ ਪੱਟ ਕੇ ਟਿੱਪਰਾਂ ਵਿੱਚ ਭਰੀ ਜਾ ਰਹੀ ਸੀ, ਇਸ ਸਭਦੇ ਸਬੂਤ ਉਹਨਾਂ ਦੇ ਕੋਲ ਹਨ।

ਉਨ੍ਹਾਂ ਕਿਹਾ ਕਿ, “DC ਮੁਹਾਲੀ ਦੇ ਦੱਸਣ ਸਾਰੇ ਮੁਹਾਲੀ ਜਿਲ੍ਹੇ ਵਿੱਚ ਇੱਕ ਡੀਸਿਲਟਿੰਗ ਦਾ ਠੇਕਾ ਹੈ, ਅਤੇ ਕੋਈ ਮਾਇਨਿੰਗ ਦਾ ਠੇਕਾ ਨਹੀ ਹੈ ਤਾਂ ਇਹ ਸੁੱਕਾ ਰੇਤਾ ਕਿਵੇਂ ਆ ਗਿਆ। ਇਹ ਰੇਤਾ ਸਿੱਧਾ ‘ਲੱਲੀ ਤੋਂ ਲਾਂਡਰਾਂ’ ਬਣ ਰਹੀ ਨਵੀਂ ਰੋੜ ਵਿੱਚ ਖਪਾਇਆ ਜਾ ਰਿਹਾ ਸੀ। ਇਸਤੋਂ ਇਲਾਵਾ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਗੇਟ ਬੰਦ ਕਰਕੇ ਖੱਡਿਆਂ ਵਿੱਚ ਕਈ ਜਗ੍ਹਾ ਪਾਣੀ ਭਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।

ਗੋਇਲ ਨੇ ਕਿਹਾ ਕਿ ” ਜਿਸ ਤਰੀਕੇ ਨਾਲ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਇਸ ਨਜਾਇਜ ਮਾਇਨਿੰਗ ਨੂੰ ਕਾਬੂ ਕਰਕੇ ਰੋਕਣ ਦੀ ਗੱਲ ਮੀਡੀਆ ਵਿੱਚ ਕਰ ਰਹੇ ਸਨ , ਪਰ ਉਹਨਾਂ ਦੀ ਕਹਿਣੀ ਤੇ ਕਥਨੀ ਵਿੱਚ ਜਮੀਨ ਅਸਨਮਾਨ ਦਾ ਫਰਕ ਹੈ। ਗੋਇਲ ਨੇ ਕਿਹਾ ਕਿ DC ਮੁਹਾਲੀ ਨੂੰ ਇਹ ਦੱਸਣਾ ਚਾਹਿਦਾ ਹੈ ਕਿ ਉਹ ਅਤੇ ਉਹਨਾਂ ਦੀ ਟੀਮ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਗੁਮਰਾਹ ਕਿਉ ਕਰ ਰਹੇ ਹਨ?

ਅਖੀਰ ਵਿੱਚ ਮਾਨਿਕ ਗੋਇਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਾਇਨਿੰਗ ਮੰਤਰੀ ਬਰਿੰਦਰ ਗੋਇਲ ਤੋਂ ਪੁੱਛਣਾ ਚਾਹੁੰਦੇ ਹਨ ਕਿ ਜੋ ਉਹ ਕੱਟੜ ਇਮਾਨਦਾਰੀ ਦੀ ਗੱਲ ਕਰ ਰਹੇ ਸਨ ਉਹ ਕਿੱਥੇ ਹੈ , ਜਾਂ ਲੋਕਲ ਵਿਧਾਇਕ ਅਤੇ ਜਿਲ੍ਹਾ ਪ੍ਰਸ਼ਾਸ਼ਨ ਹੀ ਉਨ੍ਹਾਂ ਨੂੰ ਗੁਮਰਾਹ ਕਰਕੇ ਖੁਦ ਇਸ ਲੁੱਟ ਵਿੱਚ ਸ਼ਾਮਿਲ ਹਨ ?

ਗੋਇਲ ਨੇ ਕਿਹਾ ਕਿ ਇਸ ਥਾਂ ਤੇ ਜੋ ਵਾਤਾਵਰਨ ਅਤੇ ਜੰਗਲੀ ਜੀਵ ਜੰਗਲੀ ਜੀਵ ਨਿਯਮਾਂ ਦੀ ਜੋ ਉਲੰਘਣਾ ਹੋ ਰਹੀ ਹੈ, ਉਸਦੇ ਲਈ ਉਹਨਾਂ ਨੇ “ਪਰਿਆਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਦਿੱਲੀ” ਨੂੰ ਸ਼ਿਕਾਇਤ ਕੀਤੀ ਸੀ ਅਤੇ ਉਹ ਸੰਪਰਕ ਵਿੱਚ ਹਨ। ਨਾਲ ਹੀ ਜਲਦ ਹੀ NGT ਵਿੱਚ ਇਸਦੀ ਸ਼ਿਕਾਇਤ ਕੀਤੀ ਜਾਵੇਗੀ।

Spread the love