ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੀਮ ਮੁਤਾਬਕ ਉਹ ਜਨਵਰੀ ‘ਚ ਅਹੁਦਾ ਸੰਭਾਲਣ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ 1798 ‘ਏਲੀਅਨ ਐਨੀਮੀਜ਼ ਐਕਟ’ ਦੀ ਵਰਤੋਂ ਕਰਨ ਜਾ ਰਹੇ ਹਨ।ਇਸ ਕਾਨੂੰਨ ਮੁਤਾਬਕ ਰਾਸ਼ਟਰਪਤੀ ਕੋਲ 14 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਅਮਰੀਕਾ ਤੋਂ ਕੱਢਣ ਦਾ ਅਧਿਕਾਰ ਹੈ। ਟਰੰਪ ਇਸ ਕਾਨੂੰਨ ਦੀ ਵਰਤੋਂ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਹੋਣਗੇ।ਫਿਲਹਾਲ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਲੰਬੀ ਪ੍ਰਕਿਰਿਆ ਚੱਲ ਰਹੀ ਹੈ। ਗੈਰ-ਕਾਨੂੰਨੀ ਪ੍ਰਵਾਸੀ ਫੜੇ ਜਾਣ ਤੋਂ ਬਾਅਦ ਸ਼ਰਨ ਲਈ ਅਰਜ਼ੀ ਦੇ ਸਕਦੇ ਹਨ। ਅਰਜ਼ੀ ਦਾ ਨਿਪਟਾਰਾ ਕਰਨ ਵਿੱਚ ਬਹੁਤ ਸਮਾਂ ਲੱਗਦਾ ਹੈ। ਉਦੋਂ ਤੱਕ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਰਹਿਣ ਦਾ ਅਧਿਕਾਰ ਹੈ। ਟਰੰਪ ਦੀ ਟੀਮ ਦਾ ਮੰਨਣਾ ਹੈ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਟਰੰਪ ਨੇ ਕਈ ਵੋਟਾਂ ਹਾਸਲ ਕੀਤੀਆਂ ਹਨ। ਟਰੰਪ ਦੇ 24 ਫ਼ੀਸਦੀ ਵੋਟਰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਵੱਡੇ ਮੁੱਦੇ ਵਜੋਂ ਦੇਖਦੇ ਹਨ। ਇਹ ਮੁੱਦਾ ਮਹਿੰਗਾਈ ਤੋਂ ਬਾਅਦ ਦੂਜੇ ਨੰਬਰ ‘ਤੇ ਸੀ। ਗੈਰ-ਕਾਨੂੰਨੀ ਪ੍ਰਵਾਸੀਆਂ ਕਾਰਨ ਅਮਰੀਕਾ ਨੂੰ ਹਰ ਸਾਲ ਕਰੀਬ ਸਾਢੇ 3 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਝੱਲਣਾ ਪੈਂਦਾ ਹੈ। ਟਰੰਪ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਅਤੇ ਕੈਨੇਡਾ ਦੀ ਸਰਹੱਦ ਨਾਲ ਲੱਗਦੇ ਅਮਰੀਕੀ ਰਾਜਾਂ ‘ਚ ਨੈਸ਼ਨਲ ਗਾਰਡ ਤਾਇਨਾਤ ਕਰਨ ਦੀ ਯੋਜਨਾ ਬਣਾ ਰਹੇ ਹਨ।ਇਸ ਵਾਰ 16 ਸਰਹੱਦੀ ਸੂਬਿਆਂ ‘ਚੋਂ 10 ‘ਚ ਟਰੰਪ ਦੀ ਪਾਰਟੀ ਦੇ ਗਵਰਨਰ ਜਿੱਤ ਗਏ ਹਨ। ਟਰੰਪ ਦੇ ਸਲਾਹਕਾਰ ਸਟੀਫਨ ਮਿਲਰ ਮੁਤਾਬਕ ਗਵਰਨਰ ਨੈਸ਼ਨਲ ਗਾਰਡ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਸਕਦਾ ਹੈ। ਆਈ.ਏ ਐੱਸ.ਐੱਸ ਦੇ ਸਰਵੇਖਣ ਅਨੁਸਾਰ 53 ਫ਼ੀਸਦੀ ਭਾਰਤੀ ਅਮਰੀਕੀਆਂ ਨੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਵੋਟ ਦਿੱਤੀ। ਜਦੋਂ ਕਿ 2020 ਦੀਆਂ ਚੋਣਾਂ ਵਿੱਚ 44 ਫ਼ੀਸਦੀ ਭਾਰਤੀਆਂ ਨੇ ਟਰੰਪ ਨੂੰ ਵੋਟ ਦਿੱਤੀ ਸੀ। ਜਾਰਜੀਆ ਅਤੇ ਪੈਨਸਿਲਵੇਨੀਆ ਦੇ ਸਵਿੰਗ ਰਾਜਾਂ ਵਿੱਚ ਟਰੰਪ ਦੀ ਜਿੱਤ ਵਿੱਚ ਭਾਰਤੀਆਂ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ। ਭਾਰਤੀ ਇੱਥੇ ਸਭ ਤੋਂ ਵੱਡੇ ਏਸ਼ੀਆਈ ਪ੍ਰਵਾਸੀ ਸਮੂਹ ਹਨ।