ਕੈਨੇਡਾ ਦੇ ਮਿਸੀਸਾਗਾ ‘ਚ ਦੀਵਾਲੀ ਦੀ ਰਾਤ ਭਾਰਤ ਤੇ ਖਾਲਿਸਤਾਨ ਦੇ ਝੰਡੇ ਚੱਕੀ ਫਿਰਦੇ ਗਰੁੱਪਾਂ ਵਿਚਾਲੇ ਝੜਪ ਹੋ ਗਈ। ਮਿਸੀਸਾਗਾ ਵਿੱਚ ਇੱਕ ਪਾਰਕਿੰਗ ਵਿੱਚ ਇੱਕ ਗਰੁੱਪ ਵੱਲੋਂ ਪਟਾਕੇ ਚਲਾਉਣ ਦਾ ਵਿਰੋਧ ਕਰਨ ਲਈ ਪਹੁੰਚੇ ਦੂਸਰਾ ਗਰੁੱਪ ਪਹੁੰਚ ਗਿਆ। ਇਸ ਦੌਰਾਨ 100 ਤੋਂ ਵੱਧ ਹੁੱਲਬਾਜਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਘਟਨਾ ‘ਚ ਕੁਝ ਨੌਜਵਾਨ ਜ਼ਖਮੀ ਵੀ ਹੋਏ ਹਨ। ਦੀਵਾਲੀ ਮਨਾ ਰਹੇ ਇੱਕ ਗਰੁੱਪ ਨੇ ਨੇ ਤਿਰੰਗਾ ਚੱਕਿਆ ਸੀ ਤੇ ਦੂਜੇ ਗਰੁੱਪ ਨੇ ਖਾਲਿਸਤਾਨੀ ਝੰਡੇ । ਝਗੜਾ ਵਧਦਾ ਦੇਖ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ, ਜਿਸ ਨੂੰ ਦੇਖ ਕੇ ਇਹ ਹੁੱਲਬਾਜ ਭੱਜ ਨਿੱਕਲੇ। ਕੈਨੇਡਾ ਦੀ ਪੀਲ ਰੀਜਨਲ ਪੁਲਸ ਨੂੰ ਐਤਵਾਰ ਰਾਤ ਕਰੀਬ 9:41 ਵਜੇ ਘਟਨਾ ਦੀ ਸੂਚਨਾ ਮਿਲੀ। ਪੁਲਿਸ ਅਨੁਸਾਰ ਮਿਸੀਸਾਗਾ ਵਿੱਚ ਇੱਕ ਸਥਾਨਕ ਪਾਰਕਿੰਗ ਵਿੱਚ ਦੋ ਧਿਰਾਂ ਵਿੱਚ ਟਕਰਾਅ ਹੋ ਗਿਆ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕੁਝ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ। ਇਹਨਾਂ ਦੀ ਪਛਾਣ ਕਰਨ ਲਈ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਇਸ ਘਟਨਾ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਪੀਲ ਰੀਜਨਲ ਪੁਲਸ ਮੁਲਾਜ਼ਮ ਦੀਵਾਲੀ ਦੇ ਜਸ਼ਨਾਂ ਦੌਰਾਨ ਆਹਮੋ-ਸਾਹਮਣੇ ਆਏ ਦੋਵਾਂ ਧਿਰਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਪਟਾਕਿਆਂ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ।
