ਮੱਧ ਪ੍ਰਦੇਸ਼ ਦੇ ਬੰਧਵਗੜ੍ਹ ਟਾਈਗਰ ਰਿਜ਼ਰਵ ਵਿਚ ਤਿੰਨ ਦਿਨਾਂ ਵਿਚ 10 ਹਾਥੀਆਂ ਦੀ ਮੌਤ ਦੇ ਸੰਬੰਧ ਵਿਚ ਲਏ ਗਏ ਨਮੂਨੇ ਉੱਤਰ ਪ੍ਰਦੇਸ਼ ਵਿਚ ਆਈ.ਸੀ.ਏ.ਆਰ.-ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਅਤੇ ਸਾਗਰ ਵਿਚ ਇਕ ਫੋਰੈਂਸਿਕ ਲੈਬਾਰਟਰੀ ਨੂੰ ਭੇਜੇ ਜਾ ਰਹੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ੁੱਕਰਵਾਰ ਨੂੰ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਦੌਰਾਨ ਸਰਕਾਰ ਨੇ ਹਾਥੀਆਂ ਦੀ ਮੌਤ ਦੀ ਜਾਂਚ ਲਈ ਇਕ ਰਾਜ ਮੰਤਰੀ ਅਤੇ ਉੱਚ ਜੰਗਲਾਤ ਅਧਿਕਾਰੀਆਂ ਨੂੰ ਉਮਰੀਆ ਭੇਜਣ ਦਾ ਫੈਸਲਾ ਕੀਤਾ। ਇਸ ਦੌਰਾਨ, ਜਾਂਚ ਨਾਲ ਜੁੜੇ ਇਕ ਸੀਨੀਅਰ ਪਸ਼ੂ ਡਾਕਟਰ ਨੇ ਰਿਜ਼ਰਵ ਦੇ ਕਰਮਚਾਰੀਆਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਹਾਥੀ ਜ਼ਮੀਨ ’ਤੇ ਡਿੱਗ ਗਏ ਤੇ ਕੰਬਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮੰਗਲਵਾਰ ਨੂੰ, ਬੰਧਵਗੜ੍ਹ ਟਾਈਗਰ ਰਿਜ਼ਰਵ (ਬੀਟੀਆਰ) ਦੇ ਖਿਟੋਲੀ ਰੇਂਜ ਦੇ ਅਧੀਨ ਸੰਖਾਨੀ ਅਤੇ ਬਕੇਲੀ ਵਿਚ ਚਾਰ ਜੰਗਲੀ ਹਾਥੀ ਮਰੇ ਹੋਏ ਪਾਏ ਗਏ, ਜਦੋਂ ਕਿ ਬੁੱਧਵਾਰ ਨੂੰ ਚਾਰ ਅਤੇ ਵੀਰਵਾਰ ਨੂੰ ਦੋ ਦੀ ਮੌਤ ਹੋ ਗਈ।